ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਈ, ਲੱਗੀ ਅੱਗ
ਬੇਕਾਬੂ ਕਾਰ ਡਿਵਾਈਡਰ ਨਾਲ ਟਕਰਾਈ,ਕਾਰ ਨੂੰ ਲੱਗੀ ਅੱਗ
Publish Date: Mon, 25 May 2026 05:53 PM (IST)
Updated Date: Tue, 26 May 2026 04:05 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਕਸਬਾ ਮਹਿਲ ਕਲਾਂ ਵਿਖੇ ਐਤਵਾਰ ਸ਼ਾਮ ਕਰੀਬ 7.30 ਵਜੇ ਦੇ ਕਰੀਬ ਇਕ ਤੇਜ਼ ਰਫ਼ਤਾਰ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ। ਹਾਦਸੇ ਤੋਂ ਤੁਰੰਤ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ’ਚ ਪੂਰੀ ਗੱਡੀ ਅੱਗ ਦੀਆਂ ਲਪਟਾਂ ’ਚ ਘਿਰ ਕੇ ਸੜ ਕੇ ਸੁਆਹ ਹੋ ਗਈ। ਹਾਦਸੇ ਦੌਰਾਨ ਕਾਰ ’ਚ ਸਵਾਰ ਪਰਿਵਾਰ ਵਾਲ-ਵਾਲ ਬਚ ਗਿਆ, ਜਿਸ ਕਾਰਨ ਇਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਟਲ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਨਾਲ ਸਬੰਧਿਤ ਇਕ ਪਰਿਵਾਰ ਕਾਰ ਰਾਹੀਂ ਆਪਣੇ ਰਿਸ਼ਤੇਦਾਰਾਂ ਨੂੰ ਛੱਡਣ ਲਈ ਬਰਨਾਲਾ ਵੱਲ ਜਾ ਰਿਹਾ ਸੀ। ਜਿਵੇਂ ਹੀ ਕਾਰ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਮਾਲਵਾ ਕਾਲਜ ਮਹਿਲ ਕਲਾਂ ਸਾਹਮਣੇ ਪੁੱਜੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਦੇ ਅੱਗਲੇ ਹਿੱਸੇ ’ਚ ਤੁਰੰਤ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ ਪੂਰੀ ਗੱਡੀ ਅੱਗ ਦੀ ਲਪੇਟ ’ਚ ਆ ਗਈ। ਘਟਨਾ ਤੋਂ ਬਾਅਦ ਰਾਹਗੀਰਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਅਤੇ ਏਐੱਸਆਈ ਬਲਕੌਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾਇਆ ਗਿਆ ਤੇ ਮੁੱਖ ਮਾਰਗ ’ਤੇ ਪ੍ਰਭਾਵਿਤ ਹੋਈ ਆਵਾਜਾਈ ਨੂੰ ਮੁੜ ਬਹਾਲ ਕਰਵਾਇਆ ਗਿਆ। ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੜੀ ਕਾਰ ਨੂੰ ਅੰਮ੍ਰਿਤ ਕੁਮਾਰ ਵਾਸੀ ਲੁਧਿਆਣਾ ਚਲਾ ਰਿਹਾ ਸੀ। ਹਾਦਸੇ ਸਮੇਂ ਕਾਰ ’ਚ ਪਰਿਵਾਰਕ ਮੈਂਬਰ ਵੀ ਸਵਾਰ ਸਨ, ਪਰ ਸਮੇਂ ਸਿਰ ਬਾਹਰ ਨਿਕਲ ਜਾਣ ਕਾਰਨ ਸਾਰੇ ਸੁਰੱਖਿਅਤ ਰਹੇ ਤੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਭਿਆਨਕ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਲੁਧਿਆਣਾ–ਬਰਨਾਲਾ ਮੁੱਖ ਮਾਰਗ ’ਤੇ ਟਰੈਫਿਕ ਪ੍ਰਭਾਵਿਤ ਰਿਹਾ ਤੇ ਵੱਡੀ ਗਿਣਤੀ ’ਚ ਲੋਕ ਮੌਕੇ ’ਤੇ ਇਕੱਠੇ ਹੋ ਗਏ। ਹਾਦਸੇ ਦੀਆਂ ਅੱਗ ਦੀਆਂ ਉੱਚੀਆਂ ਲਪਟਾਂ ਤੇ ਧੂੰਏਂ ਕਾਰਨ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਲੋਕਾਂ ਨੇ ਕਿਹਾ ਕਿ ਜੇ ਕਾਰ ਸਵਾਰ ਸਮੇਂ ਸਿਰ ਬਾਹਰ ਨਾ ਨਿਕਲਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।