ਰਾਜਨੀਤੀ 'ਚ ਪੈਦਾ ਹੋਏ ਵੱਡੇ ਖਲਾਅ ਨੂੰ ਸਿਰਫ਼ ਨੌਜਵਾਨ ਹੀ ਭਰ ਸਕਦੇ ਹਨ: ਗਿਆਨੀ ਹਰਪ੍ਰੀਤ ਸਿੰਘ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਰਾਜਨੀਤਿਕ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਸਿਆਸਤ ਵਿੱਚ ਇੱਕ ਬਹੁਤ ਵੱਡਾ ਪਾੜਾ ਤੇ ਖਲਾਅ ਪੈਦਾ ਹੋ ਚੁੱਕਾ ਹੈ, ਜਿਸ ਨੂੰ ਪੂਰਾ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ। ਉਹ ਅੱਜ ਦਿੜਬਾ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਸਨ।
Publish Date: Sun, 26 Apr 2026 03:42 PM (IST)
Updated Date: Sun, 26 Apr 2026 03:43 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਮੌਜੂਦਾ ਰਾਜਨੀਤਿਕ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਸਿਆਸਤ ਵਿੱਚ ਇੱਕ ਬਹੁਤ ਵੱਡਾ ਪਾੜਾ ਤੇ ਖਲਾਅ ਪੈਦਾ ਹੋ ਚੁੱਕਾ ਹੈ, ਜਿਸ ਨੂੰ ਪੂਰਾ ਕਰਨ ਲਈ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਪਵੇਗਾ। ਉਹ ਅੱਜ ਦਿੜਬਾ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਹਾਜ਼ਰੀ ਲਵਾਉਣ ਪਹੁੰਚੇ ਸਨ।
ਰਾਜਨੀਤੀ ਵਿੱਚ ਸੁਧਾਰ ਲਈ 'ਸਾਫ਼ ਨੀਅਤ' ਜ਼ਰੂਰੀ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਨੀਤੀ ਦਾ ਪੱਧਰ ਕਾਫ਼ੀ ਹੇਠਾਂ ਗਿਰ ਚੁੱਕਾ ਹੈ। ਉਨ੍ਹਾਂ ਅਪੀਲ ਕੀਤੀ ਕਿ ਨੌਜਵਾਨ ਚਾਹੇ ਧਾਰਮਿਕ ਖੇਤਰ ਹੋਵੇ ਜਾਂ ਸਮਾਜਿਕ, ਹਰ ਪਾਸੇ ਸੁਧਾਰ ਲਈ ਅੱਗੇ ਆਉਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤਿਕ ਲੋਕਾਂ ਨੂੰ ਆਪਣੀ ਨੀਤੀ ਅਤੇ ਨੀਅਤ ਸਾਫ਼ ਤੇ ਪਾਰਦਰਸ਼ੀ ਰੱਖਣੀ ਚਾਹੀਦੀ ਹੈ ਤਾਂ ਹੀ ਲੋਕਾਂ ਦਾ ਭਲਾਈ ਹੋ ਸਕਦੀ ਹੈ।
ਚੋਣਾਂ ਲੜਨ ਬਾਰੇ ਕੀਤਾ ਸਪੱਸ਼ਟ
ਮੁੱਖ ਮੰਤਰੀ ਦੀ ਦੌੜ ਜਾਂ ਚੋਣਾਂ ਲੜਨ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕੋਈ ਵੀ ਚੋਣ ਨਹੀਂ ਲੜਨਗੇ। ਉਨ੍ਹਾਂ ਕਿਹਾ, "ਮੈਂ ਪਹਿਲਾਂ ਹੀ ਸਾਫ਼ ਕਰ ਚੁੱਕਾ ਹਾਂ ਕਿ ਮੈਂ ਸਰਪੰਚੀ ਜਾਂ ਐਮ.ਸੀ. ਦੀ ਚੋਣ ਵੀ ਨਹੀਂ ਲੜਾਂਗਾ, ਮੇਰਾ ਮਕਸਦ ਸਿਰਫ਼ ਸੇਵਾ ਹੈ।"
ਗਠਜੋੜ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਜਵਾਬ
ਵਾਰਸ ਪੰਜਾਬ ਦੇ ਜਥੇਬੰਦੀ ਨਾਲ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਹਿਤੈਸ਼ੀ ਹੈ, ਉਸ ਦਾ ਸਵਾਗਤ ਹੈ ਤਾਂ ਜੋ ਸਾਰੇ ਰਲ ਕੇ ਪੰਜਾਬ ਨੂੰ ਮੌਜੂਦਾ ਭਿਆਨਕ ਰਾਜਨੀਤਿਕ ਦੌਰ ਵਿੱਚੋਂ ਬਾਹਰ ਕੱਢ ਸਕਣ। ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਖ ਮੰਤਰੀ ਬਣਨ ਦੇ ਦਾਅਵਿਆਂ ਬਾਰੇ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਕੋਈ ਵੀ ਦਾਅਵਾ ਕਰ ਸਕਦਾ ਹੈ ਅਤੇ ਚੋਣ ਲੜ ਸਕਦਾ ਹੈ, ਪਰ ਇਸ ਸਬੰਧੀ ਫੈਸਲਾ ਉਨ੍ਹਾਂ ਦੀ ਅੰਦਰੂਨੀ ਕਮੇਟੀ ਹੀ ਕਰੇਗੀ, ਜਿਸ ਬਾਰੇ ਅਜੇ ਕੋਈ ਵਿਚਾਰ ਨਹੀਂ ਹੋਇਆ।
ਇਸ ਮੌਕੇ ਉਨ੍ਹਾਂ ਨਾਲ ਗੋਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਸਿੰਘ ਢੀਂਡਸਾ, ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ ਅਤੇ ਹੋਰ ਸੀਨੀਅਰ ਆਗੂ ਤੇ ਵਰਕਰ ਹਾਜ਼ਰ ਸਨ।