ਸਿਵਲ ਹਸਪਤਾਲ ਬਰਨਾਲਾ ’ਚ 8 ’ਚੋਂ 4 ਡੈਲਸਿਸ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ ਪਰੇਸ਼ਾਨ
ਲੋਕਾਂ ਵੱਲੋਂ ਦਾਨ ਕੀਤੀਆਂ ਡੈਲਸਿਸ ਮਸ਼ੀਨਾਂ ’ਤੇ ਚਾਰ ਮਰੀਜਾਂ ਦਾ ਹੀ ਹੋ ਸਕਦਾ ਹੈ ਇਲਾਜ
Publish Date: Fri, 27 Feb 2026 05:51 PM (IST)
Updated Date: Sat, 28 Feb 2026 04:02 AM (IST)

ਲੋਕਾਂ ਵੱਲੋਂ ਦਾਨ ਕੀਤੀਆਂ ਡੈਲਸਿਸ ਮਸ਼ੀਨਾਂ ’ਤੇ ਚਾਰ ਮਰੀਜਾਂ ਦਾ ਹੀ ਹੋ ਸਕਦੈ ਇਲਾਜ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਹਸਪਤਾਲ ਬਰਨਾਲਾ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਸਿਹਤ ਕ੍ਰਾਂਤੀ ਦੇ ਪ੍ਰਚਾਰ ’ਤੇ ਨਿੱਤ ਦਿਨ ਸਵਾਲੀਆ ਚਿੰਨ ਲਗਾ ਰਿਹਾ ਹੈ? ਬਲੱਡ ਬੈਂਕ ਬੰਦ ਹੋਣ ਦਾ ਮੁੱਦਾ ਵਿਰੋਧੀਆਂ ਵੱਲੋਂ ਜਿਥੇ ਖੂਬ ਉਛਾਲਿਆ ਜਾ ਰਿਹਾ ਹੈ। ਉਥੇ ਹੀ ਡੈਲਸਿਸ ਦੇ ਮਰੀਜ਼ਾਂ ਦਾ ਵੀ ਵਿਰੋਧ ਸਿਵਲ ਹਸਪਤਾਲ ਬਰਨਾਲਾ ਦੀ ਟੀਮ ਸਣੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਨੂੰ ਝੱਲਣਾ ਪੈ ਰਿਹਾ ਹੈ। ਨਿੱਤ ਦਿਨ ਡੈਲਸਿਸ ਦੇ ਮਰੀਜ਼ ਆਪਣੇ ਇਲਾਜ ਖੁਣੋਂ ਹਸਪਤਾਲ ਤੋਂ ਖਾਲੀ ਹੱਥ ਪਰਤ ਰਹੇ ਹਨ। ਭਾਵੇਂ ਕਰੋਨਾ ਮਹਾਂਮਾਰੀ ਦੌਰਾਨ ਬਰਨਾਲੇ ਦੇ ਉਘੇ ਕਾਰਪੋਰੇਟ ਘਰਾਣੇ ਟ੍ਰਾਈਡੈਂਟ ਗਰੁੱਪ ਸਣੇ ਸਟੈਂਡਰਡ ਕੰਬਾਈਨ, ਸਰਬੱਤ ਦੇ ਭਲੇ ਆਦਿ ਸੰਸਥਾਵਾਂ ਤੇ ਕੁੱਝ ਨਿੱਜੀ ਲੋਕਾਂ ਵੱਲੋਂ ਦਿੱਤੇ ਦਿਲ ਖੋਲ੍ਹਕੇ ਰੱਜਵੇਂ ਦਾਨ ਨਾਲ ਇਸ ਸਿਵਲ ਹਸਪਤਾਲ ਦੀ ਇਮਾਰਤ ’ਚ ਡੈਲਸਿਸ ਦੀਆਂ ਕਰੀਬ 8 ਮਸ਼ੀਨਾਂ ਵੀ ਆਈਆਂ, ਪਰ ਉਹ ਸਿਹਤ ਵਿਭਾਗ ਦੇ ਪ੍ਰਬੰਧਾਂ ਦੀ ਘਾਟ ਜਾਂ ਉਥੇ ਤਾਇਨਾਤ ਉਚ ਅਧਿਕਾਰੀਆਂ ਦੀਆਂ ਨਾਲਾਇਕੀਆਂ ਕਾਰਨ ਅੱਧੋ ਵੱਧ ਕੰਡਮ ਹੋ ਗਈਆਂ ਤੇ ਚੌਥਾ ਹਿੱਸਾ ਰਿਪੇਅਰ ਲਈ ਇੰਜੀਨੀਅਰਾਂ ਨੂੰ ਆਵਾਜ਼ਾਂ ਮਾਰ ਰਹੀਆਂ ਹਨ, ਪਰ ਇਸਨੂੰ ਨਿਰਵਿਘਨ ਕਰਨ ਲਈ ਕੋਈ ਵੀ ਅਧਿਕਾਰੀ ਸਰਕਾਰ ਦੇ ਬੂਹੇ ’ਤੇ ਚਾਰਜੋਈ ਨਹੀਂ ਕਰ ਰਿਹਾ। :ਬਾਕਸ ਨਿਊਜ: ਖ਼ਰਾਬ ਮਸ਼ੀਨਾਂ ਰਿਪੇਅਰ ਦੀ ਉਡੀਕ ’ਚ ਜਦੋਂ ਇਸ ਸਬੰਧੀ ਐਸਐਮਓ ਡਾ.ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਡਾਕਟਰ ਰਾਜ ਕੁਮਾਰ ਨਾਲ ਗੱਲ ਕਰੋ, ਉਨ੍ਹਾਂ ਨੂੰ ਇਸ ਬਾਰੇ ਕੁੱਝ ਨਹੀਂ ਪਤਾ। ਜਦੋਂ ਡਾਕਟਰ ਰਾਜ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੈਲਸਿਸ ਦਾ ਯੂਨਿਟ ਵੱਖਰਾ ਹੈ, ਤੁਸੀਂ ਉਨ੍ਹਾਂ ਨਾਲ ਰਾਬਤਾ ਕਰੋ, ਤਾਂ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਖੁਦ ਜੋ ਤੱਥ ਇਕੱਠੇ ਕੀਤੇ, ਉਹ ਬਹੁਤ ਹੀ ਹੈਰਾਨੀਜਨਕ ਸਨ, ਕਿ ਸੰਨ 2010 ਤੋਂ ਲੈ ਕੇ 2025 ਤੱਕ ਸਿਵਲ ਹਸਪਤਾਲ ਬਰਨਾਲਾ ’ਚ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਤੇ ਕਾਰਪੋਰੇਟ ਘਰਾਣਿਆਂ ਵੱਲੋਂ ਕੀਤੇ ਦਾਨ ਸਣੇ ਸਰਕਾਰ ਵੱਲੋਂ 8 ਡੈਲਸਿਸ ਮਸ਼ੀਨਾਂ ਸਿਵਲ ਹਸਪਤਾਲ ਬਰਨਾਲਾ ’ਚ ਪੁੱਜੀਆਂ, ਜੋ ਕਾਫੀ ਸਮਾਂ ਤਾਂ ਡੈਲਸਿਸ ਯੂਨਿਟ ਤਿਆਰ ਹੋਣ ਵਾਲੇ ਵਿਸ਼ੇਸ਼ ਢੁਕਵੇਂ ਥਾਂ ਦੀ ਉਡੀਕ ਕਰਦੀਆਂ ਰਹੀਆਂ। ਉਨ੍ਹਾਂ ਨੂੰ ਚਲਾਉਣ ਲਈ ਨਾ ਤਾਂ ਸਿਵਲ ਹਸਪਤਾਲ ’ਚ ਪੂਰੇ ਤਕਨੀਸ਼ੀਅਨ ਸਣੇ ਸਮੁਚਾ ਸਟਾਫ਼ ਤਾਇਨਾਤ ਹੈ, ਤੇ ਨਾ ਹੀ ਉਨ੍ਹਾਂ ਨੂੰ ਹਾਲੇ ਤੱਕ ਕੋਈ ਢੁਕਵਾਂ ਥਾਂ ਮਿਲਿਆ ਹੈ। ਇਨ੍ਹਾਂ 8 ਡੈਲਸਿਸ ਮਸ਼ੀਨਾਂ ’ਚੋਂ 4 ਮਸ਼ੀਨਾਂ ਨੂੰ ਬਾਇਓਮੈਡੀਕਲ ਇੰਜੀਨੀਅਰ ਵੱਲੋਂ ਕੰਡਮ ਘੋਸ਼ਿਤ ਕਰ ਦਿੱਤਾ ਗਿਆ ਹੈ, ਪਰ ਵਿਭਾਗ ਵੱਲੋਂ ਇਨ੍ਹਾਂ ਨੂੰ ਕੰਡਮ ਦਾ ਸਰਟੀਫਿਕੇਟ ਨਾ ਤਾਂ ਮਿਲਿਆ ਹੈ ਤੇ ਨਾ ਹੀ ਜਾਰੀ ਹੋਇਆ ਹੈ। ਇਸ ਸਬੰਧਤ ਇੰਜੀਨੀਅਰ ਵੱਲੋਂ ਇਕ ਡੈਲਸਿਸ ਮਸ਼ੀਨ ਨੂੰ ਮਾਰਚ 2024 ’ਚ ਕੰਡਮ ਘੋਸ਼ਿਤ ਕੀਤਾ, ਮੁੜ ਇਕ ਸਾਲ ਬਾਅਦ ਉਨ੍ਹਾਂ ਮਾਰਚ 2025 ’ਚ ਦੂਜੀ ਡੈਲਸਿਸ ਮਸ਼ੀਨ ਨੂੰ ਕੰਡਮ ਘੋਸ਼ਿਤ ਕੀਤਾ। ਮੁੜ 5 ਮਹੀਨਿਆਂ ਬਾਅਦ ਅਗਸਤ 2025 ’ਚ ਤੀਜੀ ਡੈਲਸਿਸ ਮਸ਼ੀਨ ਨੂੰ ਕੰਡਮ ਘੋਸ਼ਿਤ ਕੀਤਾ। ਨਵੇਂ ਵਰ੍ਹੇ 2026 ਦੇ ਚੜ੍ਹਦਿਆਂ ਹੀ ਜਨਵਰੀ ’ਚ ਚੌਥੀ ਡੈਲਸਿਸ ਮਸ਼ੀਨ ਵੀ ਕੰਡਮ ਘੋਸ਼ਿਤ ਕਰ ਦਿੱਤੀ ਗਈ। ਇੰਨਾ ਹੀ ਨਹੀਂ ਇਕ ਮਹੀਨੇ ਬਾਅਦ ਜਾਨੀ ਫਰਵਰੀ 2026 ਨੂੰ ਦੋ ਡੈਲਸਿਸ ਮਸ਼ੀਨਾਂ ਕੁੱਝ ਦਿਨਾਂ ਦੇ ਵਕਫੇ ਦੌਰਾਨ ਰਿਪੇਅਰ ਲਈ ਖਰਾਬ ਘੋਸ਼ਿਤ ਕਰ ਦਿੱਤੀਆਂ ਗਈਆਂ। :ਬਾਕਸ ਨਿਊਜ: ਚਾਰ ਮਰੀਜ਼ਾਂ ਤੋਂ ਵੱਧ ਨਹੀਂ ਹੋ ਸਕਦਾ ਡੈਲਸਿਸ : ਡੈਲਸਿਸ ਯੂਨਿਟ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਜਿਲ੍ਹਾ ਪੱਧਰੀ ਹਸਪਤਾਲ ਨੂੰ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਕੰਮਾਂ ਤਹਿਤ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ, ਪਰ ਇਸ ਸਿਵਲ ਹਸਪਤਾਲ ਦੇ ਡੈਲਸਿਸ ਯੂਨਿਟ ’ਚ ਤਾਇਨਾਤ ਤਿੰਨ ਜਣਿਆਂ ’ਚੋਂ ਦੋ ਜਣੇ ਦਿਨੇ ਸਵੇਰੇ ਤੇ ਇਕ ਸ਼ਾਮ ਨੂੰ ਆਪਣੀਆਂ ਸੇਵਾਵਾਂ ਨਿਭਾਉਂਦਾ ਹੈ, ਉਨ੍ਹਾਂ ਵੱਲੋਂ ਮਿਲੇ ਤੱਥਾਂ ਨੇ ਇਹ ਵੀ ਜੱਗ ਜਾਹਿਰ ਕੀਤਾ ਹੈ। ਸਿਵਲ ਹਸਪਤਾਲ ਬਰਨਾਲਾ ’ਚ ਚਾਰ ਮਰੀਜਾਂ ਤੋਂ ਵੱਧ ਮਰੀਜਾਂ ਦਾ ਡੈਲਸਿਸ ਨਹੀਂ ਹੋ ਸਕਦਾ। ਜਿਲ੍ਹੇ ਦੇ ਕੁੱਲ 137 ਦੇ ਪਿੰਡਾਂ ਦੀ ਲੱਖਾਂ ਦੀ ਅਬਾਦੀ ਵਾਲੇ ਲੋਕਾਂ ਨੂੰ ਡੈਲਸਿਸ ਕਰਵਾਉਣ ਲਈ ਜਾਂ ਤਾਂ ਦੂਰ ਕਿਤੇ ਹੋਰ ਸਰਕਾਰੀ ਹਸਪਤਾਲ ’ਚ ਜਾਣਾ ਪੈਦਾ ਹੈ ਜਾਂ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾਉਣ ਲਈ ਆਰਥਿਕ ਸ਼ੋਸਣ ਕਰਵਾਉਣਾ ਪੈ ਰਿਹਾ ਹੈ, ਕਿਉਂਕਿ ਇਕ ਮਸ਼ੀਨ ’ਤੇ ਮੈਡੀਕਲ ਜਾਣਕਾਰੀ ਅਨੁਸਾਰ ਸਿਰਫ਼ ਸਵੇਰੇ ਤੇ ਸ਼ਾਮ ਦੋ ਮਰੀਜਾਂ ਦਾ ਡੈਲਸਿਸ ਹੋ ਸਕਦਾ ਹੈ। ਬਰਨਾਲਾ ਸਿਵਲ ਹਸਪਤਾਲ ’ਚ ਸਿਰਫ਼ ਦੋ ਹੀ ਡੈਲਸਿਸ ਮਸ਼ੀਨਾਂ ਕੰਮ ਕਰ ਰਹੀਆਂ ਹਨ, ਜਿਸਦੇ ਤਹਿਤ ਚਾਰ ਮਰੀਜਾਂ ਤੋਂ ਵੱਧ ਡੈਲਸਿਸ ਕਰਨਾ ਸੰਭਵ ਨਹੀਂ ਹੈ। :ਬਾਕਸ ਨਿਊਜ: : ਗਰੀਬ ਦਾ ਨਾਂ ਇਲਾਜ, ਨਾਂ ਫਰਿਆਦ ਸੁਣੇ ਕੋਈ ਅਧਿਕਾਰੀ : ਪੀੜ੍ਹਤ ਕਈ ਦਿਨਾਂ ਤੋਂ ਇਲਾਜ ਲਈ ਖੱਜਲ ਹੋਈ ਡੈਲਸਿਸ ਦੀ ਪੀੜਤਾ ਰਜਨੀ ਬਾਲਾ ਪਤਨੀ ਨਵਦੀਪ ਕੁਮਾਰ ਵਾਸੀ ਫਰਵਾਹੀ ਬਜਾਰ ਬਰਨਾਲਾ ਨੇ ਦੱਸਿਆ ਕਿ ਉਹ ਪਿਛਲੇ 2 ਸਾਲ ਤੋਂ ਕਿਡਨੀ ਡੈਮਜ ਦੀ ਬਿਮਾਰੀ ਤੋਂ ਪੀੜਤ ਹੈ ਤੇ ਉਸਦਾ ਇਲਾਜ ਪਿਛਲੇ 6 ਮਹੀਨੇ ਤੋਂ ਸਿਵਲ ਹਸਪਤਾਲ ਬਰਨਾਲਾ ਤੋਂ ਚੱਲ ਰਿਹਾ ਹੈ। ਜੋ ਹਸਪਤਾਲ ’ਚ ਡੈਲਸਿਸ ਮਸ਼ੀਨਾਂ ਹਨ,ਉਹ ਕਾਫੀ ਸਮੇਂ ਤੋਂ ਖਰਾਬ ਪਈਆਂ ਹਨ। ਜਿਸ ਕਰਕੇ ਉਸਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ। ਉਸਨੂੰ ਸੁਣਨ ਦੀ ਵੀ ਦਿੱਕਤ ਹੈ ਤੇ ਉਸਦੇ ਇੱਕ ਛੋਟੀ 5 ਸਾਲ ਦੀ ਬੇਟੀ ਹੈ, ਮੈਂ ਕੱਲੀ ਕੀਤੇ ਵੀ ਨਹੀਂ ਜਾ ਸਕਦੀ। ਉਸਦੇ ਪਤੀ ਨਵਦੀਪ ਕੁਮਾਰ ਨੇ ਦੱਸਿਆ ਕਿ ਉਸਨੂੰ ਪਤਨੀ ਦੇ ਇਲਾਜ ਲਈ ਨਿੱਜੀ ਹਸਪਤਾਲਾਂ ਤੋਂ ਮਹਿੰਗਾ ਇਲਾਜ ਕਰਵਾਉਣਾ ਪੈ ਰਿਹਾ ਹੈ, ਜਿਸ ਨਾਲ ਉਸਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ। ਭਰੇ ਮਨ ਨਾਲ ਪੀੜ੍ਹਤ ਮਰੀਜ਼ ਦੇ ਪਤੀ ਨਵਦੀਪ ਕੁਮਾਰ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ’ਚ ਨਾਂ ਤਾਂ ਗਰੀਬ ਦਾ ਇਲਾਜ ਹੁੰਦਾ ਹੈ ਤੇ ਨਾਂ ਹੀ ਉਸ ਦੀ ਫਰਿਆਦ ਕੋਈ ਅਧਿਕਾਰੀ ਸੁਣਦਾ ਹੈ।