ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪੁਲਿਸ ਵੱਲੋਂ ਹਾਈਟੈੱਕ ਨਾਕਾ
ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਪੁਲਿਸ ਵੱਲੋਂ ਹਾਈਟੈਕ ਨਾਕਾ
Publish Date: Wed, 18 Feb 2026 07:17 PM (IST)
Updated Date: Wed, 18 Feb 2026 07:21 PM (IST)
- ਕਿਸਾਨ ਜਥੇਬੰਦੀ ਨੂੰ ਬਠਿੰਡਾ ਜਾਣ ਤੋਂ ਰੋਕਣ ਲਈ ਪੁਲਿਸ ਪੱਬਾਂ ਭਾਰ
ਤਪਾ ਮੰਡੀ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਫਿਰ ਬਠਿੰਡਾ ਜੇਲ੍ਹ ’ਚ ਬੰਦ ਦੋ ਕਿਸਾਨ ਆਗੂਆਂ ਸ਼ਗਨਦੀਪ ਸਿੰਘ ਜਿਉਂਦ ਅਤੇ ਬਲਦੇਵ ਸਿੰਘ ਚਾਉਕੇ ਨੂੰ ਰਿਹਾਅ ਕਰਵਾਉਣ ਲਈ ਡੀਸੀ ਦਫ਼ਤਰ ਬਠਿੰਡਾ ਅੱਗੇ ਪੱਕਾ ਧਰਨਾ ਦੇਣਾ ਸੀ। ਜਿਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਅਤੇ ਐੱਸਪੀ (ਡੀ) ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਹਾਈਟੈੱਕ ਨਾਕਾ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਗਿਆ। ਇਸ ਦੌਰਾਨ ਜਿੱਥੇ ਚੱਪੇ ਚੱਪੇ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ, ਉੱਥੇ ਦੂਜੇ ਪਾਸੇ ਮੁੱਖ ਮਾਰਗ ’ਤੇ ਤਿੰਨ ਲੇਅਰਾਂ ’ਚ ਬੈਰੀਕੇਡਿੰਗ, ਮਿੱਟੀ ਨਾਲ ਭਰੇ ਟਿੱਪਰ, ਫਾਇਰ ਬ੍ਰਿਗੇਡ, ਅੱਥਰੂ ਗੈਸ ਦੇ ਗੋਲਿਆਂ ਵਾਲੀਆਂ ਬੱਸਾਂ, ਐਂਬੂਲੈਂਸ ਆਦਿ ਦੇ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਿਆ ਜਾ ਸਕੇ। ਜਦੋਂ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਇਹ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਮੁੱਖ ਮਾਰਗ ਦੀਆਂ ਦੋਵੇਂ ਸਾਈਡਾਂ ’ਤੇ ਟ੍ਰੈਫਿਕ ਨਿਰਵਿਘਨ ਚਾਲੂ ਰਿਹਾ। ਉਧਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਵੱਡੀ ਗਿਣਤੀ ’ਚ ਪਿੰਡ ਧੋਲਾ ਵਿਖੇ ਮੌਜੂਦ ਰਹੇ। ਇਸ ਮੌਕੇ ਡਿਊਟੀ ਮੈਜਿਸਟ੍ਰੇਟ ਵਜੋਂ ਐੱਸਡੀਐੱਮ ਤਪਾ ਆਯੂਸ਼ ਗੋਇਲ, ਤਹਿਸੀਲਦਾਰ ਓਂਕਾਰ ਸਿੰਘ ਤਪਾ ਆਦਿ ਮੌਕੇ ਤੇ ਮੌਜੂਦ ਰਹੇ। ਇਸ ਦੌਰਾਨ ਐੱਸਐੱਸਪੀ ਆਲਮ ਵੱਲੋਂ ਖੁਦ ਕਮਾਨ ਸੰਭਾਲੀ ਹੋਈ ਸੀ।