ਸਵ.ਮਾਤਾ ਗੁਰਮੇਲ ਕੌਰ ਦੇ ਨਮਿਤ ਰੱਖੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਰੋਹ ਅੱਜ
ਸਵ.ਮਾਤਾ ਗੁਰਮੇਲ ਕੌਰ ਦੇ ਨਮਿਤ ਰੱਖੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਰੋਹ ਅੱਜ
Publish Date: Sat, 25 Apr 2026 04:26 PM (IST)
Updated Date: Sun, 26 Apr 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਾਤਾ ਗੁਰਮੇਲ ਕੌਰ ਦਾ ਜਨਮ 26 ਮਾਰਚ 1948 ਨੂੰ ਪਿਤਾ ਗੁਰਬਚਨ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਪਿੰਡ ਮੂੰਮ (ਸੂਬੇਦਾਰਾਂ ਦੇ) ਵਿਖੇ ਹੋਇਆ। ਨਿੱਕੀ ਉਮਰ ’ਚ ਹੀ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਰਕੇ ਉਨ੍ਹਾਂ ਨੂੰ ਜੀਵਨ ਦੀਆਂ ਕਠਿਨਾਈਆਂ ਦਾ ਸਾਹਮਣਾ ਬਹੁਤ ਛੋਟੀ ਉਮਰ ਤੋਂ ਹੀ ਕਰਨਾ ਪਿਆ। ਤਿੰਨ ਭੈਣ-ਭਰਾਵਾਂ ’ਚੋਂ ਛੋਟੇ ਭੈਣ-ਭਰਾ ਦੀ ਪਰਵਰਿਸ਼ ਦਾਦੀ ਤੇ ਵੱਡੀ ਵਿਆਹੀ ਭੈਣ ਵੱਲੋਂ ਪਿਆਰ, ਤਿਆਗ ਤੇ ਮਿਹਨਤ ਨਾਲ ਕੀਤੀ ਗਈ, ਜਿਸ ਨੇ ਉਨ੍ਹਾਂ ਦੇ ਜੀਵਨ ਨੂੰ ਮਜ਼ਬੂਤ ਨੀਂਹ ਬਖ਼ਸ਼ੀ। ਸਾਲ 1962 ’ਚ ਮਾਤਾ ਜੀ ਦਾ ਵਿਆਹ ਪਿੰਡ ਫਰਵਾਹੀ ਵਿਖੇ ਸੁੱਚਾ ਦੇ ਸਭ ਤੋਂ ਛੋਟੇ ਪੁੱਤਰ ਸੂਬੇਦਾਰ ਸੁਰਜੀਤ ਸਿੰਘ ਨਾਲ ਹੋਇਆ, ਜੋ ਭਾਰਤੀ ਫੌਜ ’ਚ ਦੇਸ਼ ਦੀ ਸੇਵਾ ਕਰ ਰਹੇ ਸਨ। ਲਗਭਗ 25 ਸਾਲ ਪਹਿਲਾਂ ਉਨ੍ਹਾਂ ਦੇ ਪਤੀ ਦਾ ਅਚਾਨਕ ਦੇਹਾਂਤ ਹੋ ਜਾਣਾ ਪਰਿਵਾਰ ਲਈ ਇੱਕ ਵੱਡਾ ਝਟਕਾ ਸੀ, ਪਰ ਮਾਤਾ ਜੀ ਨੇ ਅਟੱਲ ਹਿੰਮਤ, ਸਿਆਣਪ ਅਤੇ ਵਿਸ਼ਵਾਸ ਨਾਲ ਇਸ ਦੁੱਖ ਨੂੰ ਸਹਾਰਿਆ। ਉਨ੍ਹਾਂ ਨੇ ਨਾ ਸਿਰਫ਼ ਆਪਣੇ ਪੇਕੇ ਅਤੇ ਸਹੁਰੇ ਪਰਿਵਾਰ ਨੂੰ ਇਕੱਠਾ ਰੱਖਿਆ, ਸਗੋਂ ਆਪਣੇ ਬੱਚਿਆਂ ਨੂੰ ਉੱਚੀਆਂ ਮੰਜਿਲਾਂ ਤੱਕ ਪਹੁੰਚਾਇਆ। ਮਾਤਾ ਜੀ ਦਾ ਜੀਵਨ ਸਾਦਗੀ ਅਤੇ ਸੰਘਰਸ਼ ਦੀ ਜੀਵੰਤ ਮਿਸਾਲ ਰਿਹਾ ਹੈ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਿਰਫ਼ ਪੜ੍ਹਾਇਆ ਹੀ ਨਹੀਂ, ਸਗੋਂ ਉਨ੍ਹਾਂ ਦੇ ਅੰਦਰ ਸੰਸਕਾਰ, ਪਰਿਵਾਰਕ ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕੀਤੀ। ਹਮੇਸ਼ਾ ਉਨ੍ਹਾਂ ਨੇ ਇਹ ਸਿੱਖਿਆ ਦਿੱਤੀ ਕਿ ਮਨੁੱਖ ਆਪਣੇ ਪਰਿਵਾਰ, ਸ਼ਰੀਕਾ, ਆਂਡ-ਗੁਆਂਢ, ਰਿਸ਼ਤੇਦਾਰਾਂ ਅਤੇ ਪਿੰਡ ਨਾਲ ਜੁੜਿਆ ਰਹੇ—ਇਹੀ ਅਸਲੀ ਦੌਲਤ ਹੈ। ਆਪ ਜੀ ਦੇ ਦੋ ਸੰਤਾਨ ਹਨ। ਪੁੱਤਰ ਜਸਵੀਰ ਸਿੰਘ ਪਿਛਲੇ 25 ਸਾਲਾਂ ਤੋਂ ਬਾਬਾ ਸ਼ੇਖ ਫ਼ਰੀਦ ਹਾਈ ਸਕੂਲ ਨੂੰ ਸਫਲਤਾਪੂਰਵਕ ਚਲਾ ਰਹੇ ਹਨ, ਜਦਕਿ ਬੇਟੀ ਲੰਬੇ ਸਮੇਂ ਤੋਂ ਮਦਰ ਟੀਚਰ ਸਕੂਲ ’ਚ ਅਧਿਆਪਕਾ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੀ ਹੈ। ਜਵਾਈ ਤ੍ਰਿਲੋਚਨ ਸਿੰਘ ਪੀਐਸਪੀਸੀਐਲ ਦੇ ਤਪਾ ਸਬ ਡਵੀਜ਼ਨ ’ਚ ਤਾਇਨਾਤ ਹਨ ਅਤੇ ਨੂੰਹ ਰਵਿੰਦਰ ਕੌਰ ਘਰ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਸਕੂਲ ’ਚ ਵੀ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਮਾਤਾ ਗੁਰਮੇਲ ਕੌਰ ਦੀ ਸਿਆਣਪ, ਦ੍ਰਿੜਤਾ ਅਤੇ ਰਹਿਨੁਮਾਈ ਹੇਠ ਸਾਰਾ ਪਰਿਵਾਰ ਅੱਜ ਸਮਾਜ ’ਚ ਸਨਮਾਨ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਮੁਸ਼ਕਲਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਹਿੰਮਤ, ਸੰਸਕਾਰ ਅਤੇ ਵਿਸ਼ਵਾਸ ਨਾਲ ਹਰ ਰਾਹ ਆਸਾਨ ਬਣਾਇਆ ਜਾ ਸਕਦਾ ਹੈ। ਉਹ ਸੱਚਮੁੱਚ ਇੱਕ ਪ੍ਰੇਰਣਾਦਾਇਕ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਜੀਵਨ ਹਰ ਇੱਕ ਲਈ ਰੌਸ਼ਨੀ ਦਾ ਦੀਵਾ ਹੈ। ਸਵ.ਮਾਤਾ ਗੁਰਮੇਲ ਕੌਰ ਦੇ ਨਮਿਤ ਰੱਖੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਰੋਹ 26 ਅਪ੍ਰੈਲ ਦਿਨ ਐਤਵਾਰ ਨੂੰ ਗੁਰੂਦੁਆਰਾ ਪਾਤਸ਼ਾਹੀ ਨੌਵੀ, ਪਿੰਡ ਫਰਵਾਹੀ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।