ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਤੰਬਾਕੂ ਦੇ ਸੇਵਨ ਨਾਲ ਮੂੰਹ, ਗਲ ਤੇ ਫ਼ੇਫੜਿਆਂ ਦਾ ਕੈਂਸਰ ਹੋਣ ਦਾ ਵਧੇਰੇ ਖ਼ਦਸ਼ਾਃ ਡਾ. ਕੰਵਲਜੀਤ ਸਿੰਘ ਬਾਜਵਾ
Publish Date: Sat, 18 Oct 2025 04:03 PM (IST)
Updated Date: Sun, 19 Oct 2025 04:00 AM (IST)

ਤੰਬਾਕੂਨੋਸ਼ੀ ਕਰਨ ’ਤੇ 200 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ ਤੰਬਾਕੂ ਸੇਵਨ ਨਾਲ ਮੂੰਹ, ਗਲ ਤੇ ਫ਼ੇਫੜਿਆਂ ਦਾ ਕੈਂਸਰ ਹੋਣ ਦਾ ਖ਼ਦਸ਼ਾਃ ਡਾ. ਬਾਜਵਾ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤਪਾ ਸ਼ਹਿਰ ’ਚ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਤੰਬਾਕੂ ਮੁਕਤ ਨੌਜਵਾਨ’ ਮੁਹਿੰਮ ਹੇਠ ਦੁਕਾਨਦਾਰਾਂ ਨੂੰ ਕੋਟਪਾ (ਸਿਗਰਟ ਤੇ ਹੋਰ ਤੰਬਾਕੂ ਉਤਪਾਦ) 2003 ਐਕਟ ਬਾਰੇ ਜਾਗਰੂਕ ਕੀਤਾ ਗਿਆ ਤੇ ਇਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ। ਸੀਨੀਅਰ ਮੈਡੀਕਲ ਅਫ਼ਸਰ (ਕਾਰਜਕਾਰੀ) ਡਾ. ਕੰਵਲਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਸਿਹਤ ਬਲਾਕ ਤਪਾ ਵੱਲੋਂ ਲੋਕਾਂ ਨੂੰ ਲਗਾਤਾਰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਜਿੱਥੇ ਸਰੀਰ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਉੱਥੇ ਹੀ ਇਸ ਨਾਲ ਮੂੰਹ, ਗਲ ਤੇ ਫੇਫੜਿਆਂ ਦੇ ਕੈਂਸਰ ਹੋਣ ਜਾਂ ਵਧੇਰੇ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਤੰਬਾਕੂ ਦਾ ਕਿਸੇ ਵੀ ਪ੍ਰਕਾਰ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ ਤੇ ਸਾਨੂੰ ਸਭ ਨੂੰ ਇਸ ਦੀ ਵਰਤੋਂ ਵਿਰੁੱਧ ਡੱਟ ਕੇ ਖੜ੍ਹਨਾ ਚਾਹੀਦਾ ਹੈ। ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਜਟਾਣਾ ਨੇ ਕਿਹਾ ਕਿ ਤੰਬਾਕੂ ਦਾ ਕਿਸੇ ਵੀ ਰੂਪ ਨਾਲ ਸੇਵਨ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਕੰਮਜ਼ੋਰ ਕਰ ਦਿੰਦਾ ਹੈ ਤੇ ਉਸ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ, ਜਿਸ ਕਾਰਨ ਉਸ ਨੂੰ ਬਹੁਤ ਸਾਰੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ ਤੇ ਮਨੁੱਖ ਦੀ ਔਸਤਨ ਉਮਰ ਘੱਟ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਸਿਗਰਟ ਪੀਣ ਵਾਲੇ ਵਿਅਕਤੀ ਨੂੰ ਤਾਂ ਨੁਕਸਾਨ ਹੁੰਦਾ ਹੀ ਪਰ ਜੋ ਵਿਅਕਤੀ ਸਿਗਰਟ ਜਾਂ ਬੀੜੀ ਪੀਣ ਵਾਲੇ ਦੇ ਨੇੜੇ ਖੜ੍ਹਾ ਉਸ ਨੂੰ ਵੀ ਉਨ੍ਹਾਂ ਹੀ ਨੁਕਸਾਨ ਹੁੰਦਾ ਹੈ। ਇਸ ਮੌਕੇ ਐੱਸਆਈ ਰਣਜੀਵ ਕੁਮਾਰ ਨੇ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਤੇ ਮੌਕੇ ’ਤੇ ਹੀ ਜੁਰਮਾਨਾ ਵਸੂਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 4 ਤਹਿਤ ਜਨਤਕ ਥਾਵਾਂ ’ਤੇ ਸਿਗਰਟ ਪੀਣ ਜਾਂ ਤੰਬਾਕੂਨੋਸ਼ੀ ਕਰਨ ’ਤੇ 200 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਐਕਟ ਦੀ ਧਾਰਾ 6(ਏ) ਤਹਿਤ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਿਗਰਟ ਜਾਂ ਕਿਸੇ ਤੰਬਾਕੂ ਉਤਪਾਦ ਦੀ ਵਿਕਰੀ ਕਰਨ ਦੀ ਪਾਬੰਦੀ ਹੈ ਜਦਕਿ ਧਾਰਾ 6(ਬੀ) ਤਹਿਤ ਵਿੱਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਸੇਵਨ ਕਰਨਾ ਵੀ ਕਾਨੂੰਨੀ ਅਪਰਾਧ ਹੈ। ਇਸ ਤੋਂ ਇਲਾਵਾ ਧਾਰਾ 5 ਤਹਿਤ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਰੂਪ ’ਚ ਇਸ਼ਤਿਹਾਰਬਾਜ਼ੀ ਨਹੀਂ ਕੀਤੀ ਜਾ ਸਕਦੀ ਹੈ।