ਰਾਸ਼ਨ ਡਿੱਪੂਆਂ ’ਤੇ ਫੂਡ ਕਮਿਸ਼ਨ ਦਾ ਹੈੱਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ : ਸੇਖੋਂ
ਰਾਸ਼ਨ ਡਿਪੂਆਂ 'ਤੇ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ: ਜਸਵੀਰ ਸਿੰਘ ਸੇਖੋਂ
Publish Date: Mon, 11 May 2026 04:24 PM (IST)
Updated Date: Tue, 12 May 2026 04:03 AM (IST)

::ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਦੌਰਾ, ਕਾਰਗੁਜ਼ਾਰੀ ਦੀ ਕੀਤੀ ਸਮੀਖਿਆ :: ਸਕੂਲਾਂ ’ਚ ਆਰਓ ਦਾ ਟੀਡੀਐੱਸ ਚੈੱਕ ਕਰਾਉਣ ਦੇ ਨਿਰਦੇਸ਼ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਆਂਗਨਵਾੜੀ ਸੈਂਟਰਾਂ, ਮਿਡ-ਡੇਅ ਮੀਲ ਸਥਾਨਾਂ ਖਾਸ ਕਰਕੇ ਰਾਸ਼ਨ ਡਿੱਪੂਆਂ ’ਤੇ ਸਾਇਨ ਬੋਰਡ ਤੇ ਕਮਿਸ਼ਨ ਦਾ ਹੈਲਪਲਾਈਨ ਨੰਬਰ ਲਿਖਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਵਿਅਕਤੀ ਕਿਸੇ ਵੀ ਸਮੱਸਿਆ ਜਾਂ ਸ਼ਿਕਾਇਤ ਦੇ ਸਬੰਧ ’ਚ ਕਮਿਸ਼ਨ ਤੱਕ ਪਹੁੰਚ ਕਰ ਸਕੇ। ਇਹ ਪ੍ਰਗਟਾਵਾ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਪੁਲਿਸ ਮੀਟਿੰਗ ਹਾਲ ’ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਏਡੀਸੀ (ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਜ਼ਿਲ੍ਹੇ ’ਚ ਰਾਸ਼ਨ ਵੰਡ ਪ੍ਰਣਾਲੀ, ਮਿਡ-ਡੇ ਮੀਲ ਅਤੇ ਆਂਗਨਵਾੜੀ ਕੇਂਦਰਾਂ ਦੇ ਕੰਮ-ਕਾਜ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਜਸਵੀਰ ਸਿੰਘ ਸੇਖੋਂ ਨੇ ਖਾਧ ਤੇ ਸਿਵਲ ਸਪਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਰਾਸ਼ਨ ਦੀ ਸਮੇਂ ਸਿਰ ਵੰਡ ਯਕੀਨੀ ਬਣਾਈ ਜਾਵੇ ਅਤੇ ਰਾਸ਼ਨ ਦੀ ਗੁਣਵੱਤਾ ਤੇ ਸਾਫ਼ ਸੁਥਰਾ ਹੋਣ ਬਾਰੇ ਸਮੇਂ ਸਮੇਂ ਤੇ ਚੈਕਿੰਗ ਕੀਤੀ ਜਾਵੇ। ਉਨ੍ਹਾਂ ਈਕੇਵਾਈਸੀ ਦੇ ਕੰਮ ਨੂੰ ਪਹਿਲ ਦੇ ਆਧਾਰ ਉੱਤੇ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸੰਬਧਤ ਅਧਿਕਾਰੀਆਂ ਨੂੰ ਕਿਹਾ ਕਿ ਆਂਗਣਵਾੜੀ ਸੈਂਟਰਾਂ, ਮਿਡ ਡੇਅ ਮੀਲ ਸਥਾਨਾਂ, ਰਾਸ਼ਨ ਡਿਪੂਆਂ ’ਤੇ ਸਾਇਨ ਬੋਰਡ ਅਤੇ ਕਮਿਸ਼ਨ ਦਾ ਹੈਲਪ ਲਾਈਨ ਨੰਬਰ 98767-64545 ਲਿਖਣਾ ਯਕੀਨੀ ਬਣਾਇਆ ਜਾਵੇ ਅਤੇ ਜੇਕਰ ਕੋਈ ਰਾਸ਼ਨ ਡਿਪੂਆਂ ਅਜਿਹਾ ਨਹੀਂ ਕਰਦਾ ਤਾਂ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਕੂਲਾਂ ’ਚ ਆਰ ਓ ਦਾ ਟੀਡੀਐੱਸ ਚੈੱਕ ਕਰਾਇਆ ਜਾਵੇ। ਸਿਹਤ ਵਿਭਾਗ ਰਾਹੀਂ ਵਿਦਿਆਰਥੀਆਂ ਨੂੰ ਆਇਰਨ ਸਪਲੀਮੈਂਟ, ਸਮੇਂ ਤੇ ਟੀਕਾਕਰਨ ਯਕੀਨੀ ਬਣਾਇਆ ਜਾਵੇ। ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ’ਚ ਵੱਧ ਤੋਂ ਵੱਧ ਕਿਚਨ ਗਾਰਡਨ ਬਣਾਏ ਜਾਣੇ। ਜਿੱਥੇ ਜਗ੍ਹਾ ਦੀ ਕਮੀ ਹੈ ਓਥੇ ਪੁਦੀਨਾ, ਧਨੀਆਂ ਜਾਂ ਸੁਹਾਂਜਨਾ ਆਦਿ ਗਮਲਿਆਂ ਵਿਚ ਜਾਂ ਥੋੜੀ ਜਗ੍ਹਾ ਵਿਚ ਜ਼ਰੂਰ ਲਗਾਇਆ ਜਾਵੇ ਜੋ ਕਿ ਸਿਹਤ ਲਈ ਵਰਦਾਨ ਹਨ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਆਂਗਨਵਾੜੀ ਕੇਂਦਰਾਂ ’ਚ ਬੱਚਿਆਂ ਲਈ ਖੇਡਣ ਦਾ ਸਮਾਨ, ਸਾਫ ਪੀਣ ਵਾਲਾ ਪਾਣੀ, ਬੱਚਿਆਂ ਨੂੰ ਸਮੇਂ ਤੇ ਰਾਸ਼ਨ, ਘਰੇਲੂ ਬਗੀਚੀ ਆਦਿ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਮਾਤਰੂ ਵੰਦਨਾ ਯੋਜਨਾ ਦਾ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਦਿਵਾਉਣ ਲਾਜ਼ਮੀ ਬਣਾਇਆ ਜਾਵੇ ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਮਿਡ ਡੇਅ ਮੀਲ ਹੈਲਪਰਾਂ ਅਤੇ ਕੁੱਕ ਬੀਬੀਆਂ ਦਾ ਸਮੇਂ ਸਮੇਂ ਤੇ ਸਿਹਤ ਚੈੱਕਅਪ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰੂਪਪ੍ਰੀਤ ਕੌਰ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਤੇ ਹੋਰ ਅਫ਼ਸਰ ਹਾਜ਼ਰ ਸਨ। ----ਬਾਕਸ ਨਿਊਜ----- ਜੁਮਲਾ ਮਾਲਕਾਨ ਸਕੂਲ ’ਚ ਨਿਰੀਖਣ, ਪਾਣੀ ਦੇ ਟੀਡੀਐੱਸ ਦੀ ਕੀਤੀ ਜਾਂਚ ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਇਥੇ ਜੁਮਲਾ ਮਾਲਕਾਨ ਸੀਨੀਅਰ ਸੈਕੰਡਰੀ, ਹਾਈ ਅਤੇ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਕੂਲਾਂ ’ਚ ਆਰਓ ਪਾਣੀ ਦਾ ਟੀ ਡੀ ਐੱਸ ਚੈੱਕ ਕਰਵਾਇਆ ਜੋ ਕਿ ਸਹੀ ਪਾਇਆ ਗਿਆ। ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਸਾਫ ਪਾਣੀ, ਵਧੀਆ ਤੇ ਪੌਸ਼ਟਿਕ ਖਾਣਾ ਮਿਲੇ। ਇਸੇ ਤਹਿਤ ਉਨ੍ਹਾਂ ਬੱਚਿਆਂ ਦੇ ਖਾਣਾ ਖਾਣ ਦੀ ਜਗ੍ਹਾ, ਖਾਣਾ ਬਣਾਉਣ ਦੀ ਜਗ੍ਹਾ, ਘਰੇਲੂ ਬਗੀਚੀ, ਰਾਸ਼ਨ ਤੇ ਹੋਰ ਪੈਮਾਨਿਆਂ ਦਾ ਨਿਰੀਖਣ ਕੀਤਾ।