ਜਨਗਣਨਾ ਸਮੇਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼/ਓਟੀਪੀ ਦੇਣ ਦੀ ਜ਼ਰੂਰਤ ਨਹੀਂ : ਡੀਸੀ
ਜਨਗਣਨਾ ਦੇ ਕੰਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼/ਓਟੀਪੀ ਦੇਣ ਦੀ ਜ਼ਰੂਰਤ ਨਹੀਂ: ਡੀਸੀ
Publish Date: Tue, 19 May 2026 04:24 PM (IST)
Updated Date: Wed, 20 May 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜਨਗਣਨਾ-2027 ਤਹਿਤ ਪਹਿਲੇ ਪੜਾਅ ਹਾਊਸ ਲਿਸਟਿੰਗ ਆਪ੍ਰੇਸ਼ਨ ਦਾ ਕੰਮ 15 ਮਈ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਕਿ 13 ਜੂਨ 2026 ਤੱਕ ਚੱਲੇਗਾ। ਡੀਸੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਇਸ ਕੰਮ ਲਈ ਜ਼ਿਲ੍ਹੇ ਅੰਦਰ 1200 ਤੋਂ ਵੱਧ ਗਿਣਤੀਕਾਰ ਤੇ ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ, ਜੋ ਕਿ ਘਰ-ਘਰ ਜਾ ਕੇ ਆਨਲਾਈਨ ਪੋਰਟਲ ’ਤੇ ਡਾਟਾ ਇਕੱਤਰ ਕਰ ਰਹੇ ਹਨ। ਉਨ੍ਹਾਂ ਵੱਲੋਂ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਦੇ ਇਸ ਮਹੱਤਵਪੂਰਨ ਕੰਮ ’ਚ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ। ਡੀਸੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਨਗਣਨਾ ਦੇ ਇਸ ਕੰਮ ’ਚ ਕਿਸੇ ਵੀ ਨਾਗਰਿਕ ਕੋਲੋਂ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼, ਜਿਵੇਂ ਕਿ ਆਧਾਰ ਕਾਰਡ/ਪੈਨ ਕਾਰਡ ਜਾਂ ਓਟੀਪੀ ਆਦਿ ਦੀ ਮੰਗ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰਿਤ ਗਿਣਤੀਕਾਰਾਂ ਨੂੰ ਸਰਕਾਰ ਵੱਲੋਂ ਆਈਡੀ ਕਾਰਡ ਜਾਰੀ ਕੀਤਾ ਗਿਆ ਹੈ, ਜਿਸ ’ਤੇ ਕਿਊਆਰ ਕੋਡ ਦਰਜ ਹੈ। ਇਸ ਤੋਂ ਕਿਸੇ ਵੀ ਨਾਗਰਿਕ ਨੂੰ ਗਿਣਤੀਕਾਰ ਦੀ ਪੂਰੀ ਡਿਟੇਲ ਮੁਹੱਈਆ ਹੋ ਸਕਦੀ ਹੈ। ਉਨ੍ਹਾਂ ਜਨਗਣਨਾ ਦੇ ਕੰਮ ਲਈ ਤਾਇਨਾਤ ਕੀਤੇ ਗਏ ਸਮੂਹ ਅਮਲੇ ਨੂੰ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਤੇ ਇਹ ਵੀ ਐਲਾਨ ਕੀਤਾ ਕਿ ਸਭ ਤੋਂ ਪਹਿਲਾਂ ਕੰਮ ਖ਼ਤਮ ਕਰਨ ਵਾਲੇ/ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਗਿਣਤੀਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।