ਐੱਨਜੀਟੀ ਵੱਲੋਂ ਜੁਰਮਾਨਾ ਵਸੂਲਣ ਤੇ ਵਿਭਾਗੀ ਅਨੁਸ਼ਾਸਨੀ ਕਾਰਵਾਈ ਕਰਨ ਦੀ ਸਿਫਾਰਸ
ਐਨ.ਜੀ.ਟੀ ਵਲੋਂ ਐਫ.ਆਈ.ਆਰ ਦਰਜ ਕਰਕੇ ਜੁਰਮਾਨਾ ਵਸ਼ੂਲਣ ਤੇ ਵਿਭਾਗੀ ਅਨੁਸਾਸਨੀ ਕਾਰਵਾਈ ਕਰਨ ਦੀ ਕੀਤੀ ਸਿਫਾਰਸ
Publish Date: Wed, 13 May 2026 03:36 PM (IST)
Updated Date: Wed, 13 May 2026 03:39 PM (IST)

- ਕੱਟੇ ਰੁੱਖਾਂ ਬਦਲੇ 5 ਗੁਣਾ ਬੂਟੇ ਲਾਉਣ ਤੇ ਖੜ੍ਹੇ ਰੁੱਖਾਂ ’ਤੇ ਨੰਬਰ ਲਾਉਣ ਦੀ ਸਿਫਾਰਸ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਵੱਲੋਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਾਲੀ ਜਗਾ ’ਚੋਂ ਗੈਰਕਾਨੂੰਨੀ ਹਰੇ ਭਰੇ ਸੈਂਕੜੇ ਰੁੱਖ ਪੁੱਟਣ ਪੜਤਾਲ ਸਬੰਧੀ ਗਠਿਤ ਕੀਤੀ ਗਈ, ਵਿਸ਼ੇਸ਼ ਜਾਂਚ ਟੀਮ ਨੇ ਐੱਨਜੀਟੀ ਨਵੀਂ ਦਿੱਲੀ ਨੂੰ ਆਪਣੀ 35 ਸਫਿਆਂ ਦੀ ਰਿਪੋਰਟ ਭੇਜ ਕੇ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਜ਼ਿੰਮੇਵਾਰਾਂ ਅਤੇ ਸਹਿਯੋਗੀਆਂ ਖਿਲਾਫ਼ ਐਫ.ਆਈ.ਆਰ ਦਰਜ ਕਰਨ, ਜੁਰਮਾਨਾ ਵਸੂਲਣ, ਜ਼ਿਲਾ ਪੱਧਰੀ ਅਧਿਕਾਰੀਆਂ ਖਿਲਾਫ਼ ਅਨੁਸਾਸਨੀ ਕਾਰਵਾਈ, ਪੁੱਟੇ ਗਏ ਰੁੱਖਾਂ ਬਦਲੇ 5 ਗੁਣਾਂ ਰੁੱਖ ਵਿਸ਼ੇਸ਼ ਜਮੀਨ ’ਤੇ ਲਗਾਉਣ, ਬਾਕੀ ਖੜੇ ਰੁੱਖਾਂ ’ਤੇ ਨੰਬਰ ਲਗਾਉਣ ਅਦਿ ਸਿਫਾਰਸ਼ਾਂ ਕੀਤੀਆਂ ਗਈਆਂ ਹਨ। ਇਕੱਤਰ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਵਾਲੀ ਜਗਾ ਵਿਚੋਂ 140 ਹਰੇ ਭਰੇ 50 ਸਾਲ ਪੁਰਾਣੇ ਪੁਰਾਤਨ ਰੁੱਖ ਨਿੰਮ, ਬੋਹੜ, ਪਿੱਪਲ, ਕਿੱਕਰ, ਟਾਹਲੀ, ਤੂਤ, ਤੇ ਜੰਡ ਅਦਿ ਕਿਸਮਾਂ ਦੇ ਰੁੱਖ ਗੈਰ ਕਾਨੂੰਨੀ ਪੁੱਟਣ ਸਬੰਧੀ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਨਵੀਂ ਦਿੱਲੀ ਵਿਖੇ ਪਟੀਸ਼ਨ ਪਾ ਕੇ ਕਾਰਵਾਈ ਦੀ ਮੰਗ ਕੀਤੀ ਸੀ। ਐੱਨਜੀਟੀ ਨੇ ਘਟਨਾ ਸਥਾਨ ’ਤੇ ਜਾਂਚ ਕਰਨ ਲਈ ਕੇਦਰ ਸਰਕਾਰ ਦੇ ਦੋ ਵਿਭਾਗਾਂ ਅਤੇ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੀ ਇਕ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਕਮੇਟੀ ਗਠਿਤ ਕਰ ਕੇ ਚਾਰ ਹਫਤਿਆਂ ਵਿਚ ਪੜ•ਤਾਲ ਕਰ ਕੇ ਰਿਪੋਰਟ ਮੰਗੀ ਸੀ। ਐੱਨਜੀਟੀ ਵੱਲੋਂ ਗਠਿਤ ਜਾਂਚ ਟੀਮ ਦੇ ਅਧਿਕਾਰੀਆਂ ਕੌਸ਼ਲ ਕਿਸ਼ੋਰ ਡਿਵੀਜ਼ਨਲ ਜੰਗਲਾਤ ਅਫ਼ਸਰ ਸੰਗਰੂਰ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਪੰਜਾਬ ਦੇ ਪ੍ਰਤੀਨਿਧੀ, ਇੰਜੀਨੀਅਰ ਜੇਪੀ ਮੀਨਾ ਵਿਗਿਆਨੀ ਕੇਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਨੀ ਗੋਇਲ ਤਕਨੀਕੀ ਅਧਿਕਾਰੀ ਵਾਤਾਵਰਣ ਜੰਗਲ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਚੰਡੀਗੜ੍ਹ ਨੇ ਘਟਨਾ ਸਥਾਨ ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਪੜ੍ਹਤਾਲ ਕੀਤੀ ਸੀ। ਟੀਮ ਨੇ ਭੇਜੀ ਆਪਣੀ ਰਿਪੋਰਟ ਵਿਚ ਲਿਖਿਆ ਹੈ ਕਿ ਰੁੱਖ ਪੁੱਟਣ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ, ਨਜਦੀਕ ਰਹਿੰਦੇ ਝੁੰਗੀ ਝੌਂਪੜੀ ਵਾਲਿਆਂ ਨੇ 200 ਰੁੱਖ ਨਗਰ ਸੁਧਾਰ ਟਰੱਸਟ ਵਲੋਂ ਪੁੱਟਣ ਲਈ ਕਿਹਾ ਹੈ। ਕੱਟੇ ਗਏ ਰੁੱਖਾਂ ਦੀਆਂ ਟਾਹਣੀਆਂ ਅਤੇ ਪੱਤੇ ਤੇ ਮਲਬਾ ਖ਼ਤਮ ਕਰ ਦਿੱਤਾ ਗਿਆ। ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਤੇ ਚੇਅਰਮੈਨ ਤੋਂ ਦਰੱਖ਼ਤਾਂ ਦੀ ਕਟਾਈ ਤੇ ਜੇਸੀਬੀ ਮਸ਼ੀਨ ਚਲਾਉਣ ਦੀ ਮਨਜ਼ੂਰੀ ਲਈ ਪੁੱਛਿਆ ਗਿਆ ਜਿਨ੍ਹਾਂ ਨੇ ਕਿ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਮਾਣਯੋਗ ਹਾਈ ਕੋਰਟ ਦੇ 24 ਦਸੰਬਰ 2025 ਦੇ ਹੁਕਮਾਂ ਦੀ ਸ਼ਰੇਆਮ ਉ¦ਲੰਘਣਾ ਕੀਤੀ ਗਈ ਹੈ। ਨਗਰ ਸੁਧਾਰ ਟਰੱਸਟ ਰੁੱਖਾਂ ਦੀ ਰੱਖਿਆ ਕਰਨ ਵਿਚ ਹੀ ਅਸਫ਼ਲ ਹੀ ਨਹੀਂ, ਸਗੋ ਰੁੱਖਾਂ ਦੀ ਤਬਾਹੀ ਤੇ ਲੱਕੜ ਦੀ ਦੁਰਵਰਤੋ ਕੀਤੀ ਗਈ ਹੈ। ਜਿਸ ਕਰ ਕੇ ਐੱਸਐੱਸਪੀ ਬਰਨਾਲਾ ਨੂੰ ਨਗਰ ਸੁਧਾਰ ਟਰੱਸਟ ਦੇ ਜ਼ਿੰਮੇਵਾਰਾਂ ਅਤੇ ਸਹਿਯੋਗੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦਾ ਆਦੇਸ ਦੇਣ, ਟਰੱਸਟ ਦੇ ਜ਼ਿੰਮੇਵਾਰ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਅਤੇ ਸਹਿਯੋਗੀਆਂ ਵਿਰੁੱਧ ਪੰਜਾਬ ਸਿਵਲ ਨਿਯਮਾਂ ਤਹਿਤ ਅਨੁਸਾਸਨੀ ਕਾਰਵਾਈ, 1,31,000 ਰੁਪਏ ਜੁਰਮਾਨਾ ਲਗਾਉਣ, ਪੁੱਟੇ ਗਏ ਹਰੇ ਭਰੇ ਰੁੱਖਾਂ ਬਦਲੇ ਪੰਜ ਗੁਣਾਂ 5 ਫੁੱਟ ਉਚਾਈ ਦੇ ਵਧੀਆਂ ਕਿਸ਼ਮਾਂ ਦੇ ਬੂਟੇ ਵਿਸ਼ੇਸ਼ ਜ਼ਮੀਨ ਵਿਚ ਲਗਾ ਕੇ ਪੰਜ ਸਾਲ ਸੰਭਾਲ ਕਰਨ ਦੀ ਜ਼ਿੰਮੇਵਾਰੀ ਤਹਿ ਕਰਨ, 25 ਏਕੜ ਵਾਲੀ ਜਗਾ ਵਿਚ ਖੜੇ ਬਾਕੀ ਰੁੱਖਾਂ ’ਤੇ ਨੰਬਰ ਲਗਾ ਕੇ ਵਿਸ਼ੇਸ਼ ਰਿਕਾਰਡ ਤਿਆਰ ਕਰ ਕੇ ਰੁੱਖਾਂ ਦੀ ਰੱਖਿਆ ਕਰਨ ਦੇ ਆਦੇਸ ਦੇਣ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਸਿਫਾਰਸ ਕੀਤੀ ਗਈ ਹੈ।