ਕਬਰੀਸਤਾਨ ’ਚ ਲੱਗੇ ਕੂੜੇ ਤੇ ਮਿੱਟੀ ਢੇਰਾਂ ਤੋਂ ਖਫ਼ਾ ਗੁਰਬਾਜ ਨੇ ਨੰਗੇ ਧੜ ਕੀਤਾ ਪ੍ਰਦਰਸ਼ਨ
ਕਬਰੀਸਤਾਨ ’ਚ ਲੱਗੇ ਕੂੜੇ ਤੇ ਮਿੱਟੀ ਢੇਰਾਂ ਤੋਂ ਖਫ਼ਾ ਗੁਰਬਾਜ ਨੇ ਨੰਗੇ ਧੜ ਡੀਸੀ ਦਫ਼ਤਰ ਕੀਤਾ ਪ੍ਰਦਰਸ਼ਨ
Publish Date: Mon, 11 May 2026 03:57 PM (IST)
Updated Date: Tue, 12 May 2026 04:01 AM (IST)

ਜੇਕਰ ਹਫ਼ਤੇ ਦੇ ਅੰਦਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕੀਤਾ ਜਾਵੇਗਾ ਪ੍ਰਦਰਸ਼ਨ : ਗੁਰਬਾਜ ਸਿੰਘ ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਹੰਡਿਆਇਆ ਰੋਡ ਨਜ਼ਦੀਕ ਮਸੀਹੀ ਭਾਈਚਾਰੇ ਦੀਆਂ ਮ੍ਰਿਤਕ ਦੇਹਾਂ ਦਫ਼ਨਾਉਣ ਲਈ ਬਣਾਏ ਗਏ ਕਬਰੀਸਤਾਨ ’ਚ ਲੱਗੇ ਕੂੜੇ ਤੇ ਮਿੱਟੀ ਦੇ ਢੇਰਾਂ ਨੂੰ ਚੁਕਵਾਉਣ ਦੀ ਮੰਗ ਨੂੰ ਲੈ ਕੇ ਕ੍ਰਿਸ਼ਚਿਅਨ ਨੈਸ਼ਨਲ ਫਰੰਟ ਪੰਜਾਬ ਦੇ ਸਲਾਹਕਾਰ ਗੁਰਬਾਜ਼ ਸਿੰਘ ਬਾਜ਼ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਨੰਗੇ ਧੜ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਦੌਰਾਨ ਜਾਣਕਾਰੀ ਦਿੰਦਿਆਂ ਕ੍ਰਿਸ਼ਚਿਅਨ ਨੈਸ਼ਨਲ ਫਰੰਟ ਪੰਜਾਬ ਦੇ ਸਲਾਹਕਾਰ ਗੁਰਬਾਜ਼ ਸਿੰਘ ਬਾਜ਼ ਨੇ ਕਿਹਾ ਕਿ ਹੰਡਿਆਇਆ ਰੋਡ ’ਤੇ ਓਵਰਬ੍ਰਿਜ਼ ਦੇ ਨਜ਼ਦੀਕ ਮਸੀਹੀ ਭਾਈਚਾਰੇ ਦੀਆਂ ਮ੍ਰਿਤਕ ਦੇਹਾਂ ਨੂੰ ਦਫ਼ਨਾਉਣ ਲਈ ਕਬਰੀਸਤਾਨ ਬਣਾਇਆ ਗਿਆ ਹੈ, ਜਿਸ ਦੇ ਨਜ਼ਦੀਕ ਕੂੜਾ ਡੰਪ ਬਣਿਆ ਹੋਇਆ ਹੈ। ਸਾਰਾ ਕੂੜਾ ਕਬਰੀਸਤਾਨ ਅੰਦਰ ਆ ਗਿਆ ਤੇ ਕਬਰੀਸਤਾਨ ਅੰਦਰ ਰੀਸਾਇਕਲਿੰਗ ਕੀਤੇ ਕੂੜੇ ਦੇ ਵੱਡੇ ਢੇਰ ਲੱਗ ਚੁੱਕੇ ਹਨ। ਇਸ ਕਾਰਨ ਮਸੀਹੀ ਭਾਈਚਾਰੇ ਦੇ ਲੋਕਾਂ ਨੂੰ ਮ੍ਰਿਤਕ ਦੇਹਾਂ ਦਫ਼ਨਾਉਣ ’ਚ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਦੇ ਅਧਿਕਾਰੀ ਸਲੀਮ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਕੂੜਾ ਚੁੱਕਿਆ ਗਿਆ ਤਾਂ ਵੀ ਮਿੱਟੀ ਚੁਕਵਾ ਕੇ ਕਬਰੀਸਤਾਨ ਦੀਆਂ ਕੰਧਾਂ ਕਢਵਾਈਆਂ ਜਾਣਗੀਆਂ ਤੇ ਕਬਰੀਸਤਾਨ ਦਾ ਸੁੰਦਰੀਕਰਨ ਕੀਤਾ ਜਾਵੇਗਾ ਤੇ ਬੂਟੇ ਵੀ ਲਗਾਏ ਜਾਣਗੇ। ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੀ ਨਗਰ ਕੌਂਸਲ ਵੱਲੋਂ 49 ਲੱਖ ਰੁਪਏ ਦਾ ਟੈਂਡਰ ਪਾਸ ਹੋ ਚੁੱਕਿਆ ਹੈ ਤੇ ਵਰਕ ਆਰਡਰ ਵੀ ਕੱਟੇ ਜਾ ਚੁੱਕੇ ਹਨ ਪਰ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਕਬਰੀਸਤਾਨ ਦਾ ਕੰਮ ਨਹੀਂ ਚਲਾਇਆ ਗਿਆ ਹੈ। ਇਸ ਕਾਰਨ ਸਮੂਹ ਮਸੀਹੀ ਭਾਈਚਾਰੇ ਦੇ ਲੋਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਦੌਰਾਨ ਉਸ ਨੂੰ ਏਡੀਸੀ ਜਰਨਲ ਨੇ ਬੁਲਾਇਆ ਤੇ ਭਰੋਸਾ ਦਿੱਤਾ ਸੀ ਕਿ ਕੂੜਾ ਹੁਣੇ ਚੁਕਵਾਇਆ ਜਾਵੇ ਤੇ ਟੈਂਡਰ ਮੁਤਾਬਿਕ ਸਾਰਾ ਕੰਮ ਮੁਕੰਮਲ ਕਰਵਾਇਆ ਜਾਵੇ। ਬਾਜ਼ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹਫ਼ਤੇ ਦੇ ਅੰਦਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਸਮੂਹ ਮਸੀਹੀ ਭਾਈਚਾਰੇ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਰੋਸ ਪ੍ਰਦਰਸ਼ਨ ਕਰੇਗਾ ਤੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।