ਆਂਗਨਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣ ਕੇ ਤਿਆਰ : ਮੀਤ ਹੇਅਰ
ਢਾਈ ਕਰੋੜ ਦੀ ਲਾਗਤ ਨਾਲ ਆਂਗਣਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣ ਕੇ ਤਿਆਰ: ਮੀਤ ਹੇਅਰ
Publish Date: Sun, 26 Apr 2026 04:16 PM (IST)
Updated Date: Mon, 27 Apr 2026 04:04 AM (IST)

: 30 ਲੱਖ ਦੀ ਲਾਗਤ ਨਾਲ 15 ਸੈਂਟਰਾਂ ਹੋਰ ਦਾ ਕੀਤਾ ਕਾਇਆ ਕਲਪ, 67 ਲੱਖ ਦੀ ਲਾਗਤ ਨਾਲ ਨਵਾਂ ਫਰਨੀਚਰ ਤੇ ਬਰਤਨ ਕਰਾਏ ਮੁਹੱਈਆ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ਵਲੋਂ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਉਥੇ ਆਂਗਨਵਾੜੀ ਸੈਂਟਰਾਂ ਦਾ ਵੀ ਕਾਇਆ ਕਲਪ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਕਰਦੇ ਹੋਏ ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ 25 ਪਿੰਡਾਂ ’ਚ ਢਾਈ ਕਰੋੜ ਦੀ ਲਾਗਤ ਨਾਲ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਰਾਹੀਂ ਆਂਗਨਵਾੜੀ ਕੇਂਦਰਾਂ ਦੀਆਂ ਨਵੀਆਂ ਇਮਾਰਤਾਂ ਬਣਾਈਆਂ ਗਈਆਂ ਹਨ ਤੇ ਪ੍ਰਤੀ ਆਂਗਨਵਾੜੀ ਕੇਂਦਰ 10 ਲੱਖ ਰੁਪਏ ਖਰਚੇ ਗਏ ਹਨ। ਇਸ ਤੋਂ ਇਲਾਵਾ 30.87 ਲੱਖ ਰੁਪਏ ਦੀ ਲਾਗਤ ਨਾਲ 15 ਪਿੰਡਾਂ ਵਿਚ ਇਮਾਰਤਾਂ ਦੀ ਮੁਰੰਮਤ ਕਰਕੇ ਨਵੀਨੀਕਰਨ ਕੀਤਾ ਗਿਆ ਹੈ ਜਦਕਿ ਇਕ ਹੋਰ ਪਿੰਡ ਵਿੱਚ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬਰਨਾਲਾ ’ਚ ਕੋਠੇ ਨਿਰੰਜਨ ਸਿੰਘ ਵਾਲਾ, ਝਲੂਰ, ਸੇਖਾ, ਕਰਮਗੜ੍ਹ, ਪੰਧੇਰ, ਨੰਗਲ, ਅਸਪਾਲ ਕਲਾਂ, ਭੈਣੀ ਮਹਿਰਾਜ, ਕਾਲੇਕੇ, ਹਮੀਦੀ, ਭੈਣੀ ਫੱਤਾ, ਬਲਾਕ ਸ਼ਹਿਣਾ ’ਚ ਬਖਤਗੜ੍ਹ, ਨੈਣੇਵਾਲ, ਪੱਖੋਕੇ, ਢਿੱਲਵਾਂ, ਧੌਲਾ ਤੇ ਬਲਾਕ ਮਹਿਲ ਕਲਾਂ ਵਿੱਚ ਵਜੀਦਕੇ ਕਲਾਂ, ਧਨੇਰ, ਕੁਰੜ, ਛਾਪਾ, ਗਾਗੇਵਾਲ, ਪੰਡੋਰੀ, ਚੰਨਣਵਾਲ, ਮਹਿਲ ਕਲਾਂ ਪਿੰਡਾਂ ਵਿਚ ਆਂਗਣਵਾੜੀ ਕੇਂਦਰਾਂ ਦੀਆਂ ਇਮਾਰਤਾਂ ਨਵੀਆਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪੰਚਾਇਤੀ ਰਾਜ ਵਲੋਂ ਜਿਹੜੇ ਪਿੰਡਾਂ ’ਚ ਇਮਾਰਤਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ, ਉਨ੍ਹਾਂ ’ਚ ਪਿੰਡ ਖੁੱਡੀ ਕਲਾਂ, ਸੋਹਲ ਪੱਤੀ, ਮਨਾਲ਼, ਉਪਲੀ ਦੇ 2 ਸੈਂਟਰ, ਦਾਨਗੜ੍ਹ, ਭੱਠਲਾਂ, ਹਰੀਗੜ੍ਹ, ਅਸਪਾਲ ਕਲਾਂ, ਰਾਜੀਆ, ਰੂੜੇਕੇ ਕਲਾਂ, ਸਹਿਜੜਾ, ਜੋਧਪੁਰ, ਬਖਤਗੜ੍ਹ ਤੇ ਵਿਧਾਤੇ ਸ਼ਾਮਲ ਹੈ। ਇਸ ਤੋਂ ਇਲਾਵਾ ਪਿੰਡ ਗੁੰਮਟੀ ’ਚ ਕੰਮ ਜਲਦ ਹੋ ਜਾਵੇਗਾ। ਉਨ੍ਹਾ ਦੱਸਿਆ ਕਿ ਇਸ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ’ਚ ਬੱਚਿਆਂ ਦੀ ਸਹੂਲਤ ਲਈ ਨਵਾਂ ਫਰਨੀਚਰ ਤੇ ਬਰਤਨ ਆਦਿ ਵੀ ਦਿੱਤੇ ਗਏ ਹਨ। ਡੀਸੀ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ 669 ਆਂਗਨਵਾੜੀ ਸੈਂਟਰ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ ਜ਼ਿਲ੍ਹੇ ਦੇ ਸਾਰੇ ਆਂਗਨਵਾੜੀ ਸੈਂਟਰਾਂ ਨੂੰ ਕਰੀਬ 67 ਲੱਖ ਦੀ ਲਾਗਤ ਨਾਲ ਫਰਨੀਚਰ ਤੇ ਬਰਤਨ ਲੋੜ ਅਨੁਸਾਰ ਮੁਹੱਈਆ ਕਰਾਏ ਗਏ ਹਨ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ 0-6 ਸਾਲ ਦੇ ਬੱਚਿਆਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਤੇ ਬੱਚਿਆਂ ਦੇ ਵਿਕਾਸ ਲਈ ਆਂਗਨਵਾੜੀ ਕੇਂਦਰਾਂ ’ਚ ਸਮੇਂ-ਸਮੇਂ ’ਤੇ ਟੀਕਾਕਰਣ ਕੀਤਾ ਜਾਂਦਾ ਹੈ।