ਬਰਨਾਲਾ ਦੇ ਪੋਤੇ ਨੇ ਬਰਨਾਲਾ ਤੋਂ ਸਿਆਸੀ ਸਰਗਰਮੀਆਂ ਵਿੱਢੀਆਂ
ਬਰਨਾਲਾ ਦੇ ਪੋਤੇ ਨੇ ਬਰਨਾਲਾ ਤੋਂ ਸਿਆਸੀ ਗਤੀਵਿਧੀਆਂ ਵਿੱਢੀਆਂ
Publish Date: Wed, 06 May 2026 06:02 PM (IST)
Updated Date: Wed, 06 May 2026 06:02 PM (IST)

- ਭੋਲਾ ਸਿੰਘ ਵਿਰਕ ਨਾਲ ਕੀਤੀ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਦੀ ਮੀਟਿੰਗ ਬਣੀ ਚਰਚਾ ਦਾ ਵਿਸ਼ਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਮਰਹੂਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਈ ਸੂਬਿਆਂ ਦੇ ਰਾਜਪਾਲ ਰਹੇ ਸੁਰਜੀਤ ਸਿੰਘ ਬਰਨਾਲਾ ਦੇ ਪੋਤੇ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਿਆਸੀ ਅਖਾੜੇ ’ਚ ਕੁੱਦ ਆਪਣੀਆਂ ਸਰਗਰਮੀਆਂ ਜੱਦੀ ਘਰ ਬਰਨਾਲਾ ਤੋਂ ਆਰੰਭ ਦਿੱਤੀਆਂ ਹਨ। ਸ਼ਹਿਰ ਦੇ ਲੋਕਾਂ ਦੇ ਹਰ ਦੁੱਖ ਸੁੱਖ ’ਚ ਭਾਗੀਦਾਰ ਬਣ ਉਹ ਨਵੇਂ ਸਿਰੇ ਤੋਂ ਸਿਆਸੀ ਬਾਰੀ ਖੇਡਣ ਦੇ ਮੂਡ ’ਚ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਸਟੇਟ ਐਵਾਰਡੀ ਤੇ ਮਾਰਕੀਟ ਕਮੇਟੀ ਬਰਨਾਲਾ-ਭਦੌੜ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨਾਲ ਇਕ ਬੈਠਕ ਦੌਰਾਨ ਵਿਚਾਰ ਚਰਚਾ ਕੀਤੀ। ਕਰੀਬ ਇਕ ਘੰਟਾ ਚੱਲੀ ਇਸ ਮੁਲਾਕਾਤ ਨੇ ਜਿੱਥੇ ਸ਼ਹਿਰ ਚ ਨਵੀਂ ਚਰਚਾ ਛੇੜ ਦਿੱਤੀ ਹੈ, ਉੱਥੇ ਹੀ ਸਿਆਸੀ ਮਾਹਿਰਾਂ ਨੇ ਇਸ ਮੀਟਿੰਗ ਉਪਰੰਤ ਸਿਆਸਤ ਚ ਉਥਲ-ਪੁਥਲ ਦੀ ਗੱਲ ਦੱਸੀ ਹੈ। ਗੌਰ ਹੋਵੇ ਕਿ ਬਰਨਾਲਾ ਪਰਿਵਾਰ ਦਾ ਇਸ ਖੇਤਰ ਚ ਲੰਬੇ ਸਮੇਂ ਤੱਕ ਦਬਦਬਾ ਰਿਹਾ ਸੀ, ਪਿਛਲੇ ਕੁਝ ਸਾਲਾਂ ਤੋਂ ਧੂਰੀ ਹਲਕੇ ਚ ਜ਼ਿਆਦਾ ਸਰਗਰਮ ਰਿਹਾ। ਪਹਿਲਾਂ ਗਗਨਜੀਤ ਸਿੰਘ ਬਰਨਾਲਾ ਤੇ ਉਸ ਤੋਂ ਬਾਅਦ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਧੂਰੀ ਤੋਂ ਹੀ ਚੋਣਾਂ ਲੜੀਆਂ ਸਨ, ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਮੁੜ ਤੋਂ ਬਰਨਾਲਾ ਹਲਕੇ ਚ ਹੀ ਆਪਣੀਆਂ ਸਿਆਸੀ ਸਰਗਰਮੀਆਂ ਦਾ ਕੇਂਦਰ ਬਣਾਇਆ ਹੋਇਆ ਹੈ। ਉਹ ਲਗਾਤਾਰ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕਰ ਰਹੇ ਹਨ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਅੱਜ ਦੀ ਇਸ ਮੁਲਾਕਾਤ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭੋਲਾ ਸਿੰਘ ਵਿਰਕ ਦਾ ਇਲਾਕੇ ’ਚ ਆਪਣਾ ਇਕ ਮਜ਼ਬੂਤ ਆਧਾਰ ਹੈ। ਲੋਕ ਭਲਾਈ ਪਾਰਟੀ ਦੀ ਟਿਕਟ ਤੇ ਚੋਣ ਲੜਦਿਆਂ ਉਨ੍ਹਾਂ ਨੇ ਕਰੀਬ 20 ਹਜ਼ਾਰ ਵੋਟਾਂ ਹਾਸਲ ਕੀਤੀਆਂ ਸਨ, ਜੋ ਉਨ੍ਹਾਂ ਦੀ ਨਿੱਜੀ ਲੋਕਪ੍ਰਿਯਤਾ ਦਾ ਸਬੂਤ ਹੈ। ਇਕ ਵਧੀਆ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਹੋਣ ਦੇ ਨਾਤੇ, ਵਿਰਕ ਦਾ ਹਰ ਵਰਗ ’ਚ ਸਤਿਕਾਰ ਹੈ। ਪਿਛਲੇ ਦਿਨੀ ਉਨ੍ਹਾਂ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਵੀ ਇੱਕ ਵੱਡੀ ਜ਼ਿੰਮੇਵਾਰੀ ਦਿੰਦਿਆਂ ਮਾਣ ਨਾਲ ਨਿਵਾਜਿਆ ਗਿਆ ਹੈ। ----- -ਮੁੜ ਸਿਆਸੀ ਜ਼ਮੀਨ ਦੀ ਭਾਲ ’ਚ ਬਰਨਾਲਾ ਪਰਿਵਾਰ ਰਾਜਨੀਤੀ ਗਲਿਆਰਿਆਂ ’ਚ ਇਹ ਚਰਚਾ ਹੈ ਕਿ ਹੁਣ ਬਰਨਾਲਾ ਪਰਿਵਾਰ ਨੇ ਮੁੜ ਤੋਂ ਆਪਣੇ ਜੱਦੀ ਘਰ ਤੇ ਹਲਕਾ ਬਰਨਾਲਾ ਤੋਂ ਹੀ ਸਿਆਸੀ ਜ਼ਮੀਨ ਦੀ ਭਾਲ ਵਿੱਢ ਦਿੱਤੀ ਹੈ ਕਿ ਬਰਨਾਲਾ ਪਰਿਵਾਰ ਹੁਣ ਮੁੜ ਤੋਂ ਆਪਣੀ ਸਿਆਸੀ ਜ਼ਮੀਨ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹੀ ਲੱਭਣ ਦੀ ਕੋਸ਼ਿਸ਼ ’ਚ ਹੈ। ਸਿਮਰ ਪ੍ਰਤਾਪ ਸਿੰਘ ਵੱਲੋਂ ਭੋਲਾ ਸਿੰਘ ਵਿਰਕ ਵਰਗੇ ਜ਼ਮੀਨੀ ਆਗੂਆਂ ਨਾਲ ਕੀਤੀ ਜਾ ਰਹੀ ਇਹ ਮਿਲਣੀ ਸ਼ਹਿਰ ਦੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਮੁਲਾਕਾਤ ਨੇ ਸਿਆਸੀ ਲੋਕਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਆਉਣ ਵਾਲੇ ਸਮੇਂ ’ਚ ਬਰਨਾਲਾ ਦੀ ਸਿਆਸਤ ’ਚ ਕੋਈ ਨਵਾਂ ਗੱਠਜੋੜ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਮੁਲਾਕਾਤ ਤੋਂ ਬਾਅਦ ਸ਼ਹਿਰ ’ਚ ਨਵੀਂ ਸਿਆਸੀ ਚਰਚਾ ਛਿੜ ਗਈ ਹੈ ਤੇ ਹਰ ਕੋਈ ਬਰਨਾਲਾ ਪਰਿਵਾਰ ਦੇ ਅਗਲੇ ਕਦਮਾਂ ’ਤੇ ਨਜ਼ਰ ਰੱਖ ਰਿਹਾ ਹੈ, ਕਿਉਂਕਿ ਬਰਨਾਲਾ ਪਰਿਵਾਰ ਨਾਲ ਖੜ੍ਹਨ ਦੀ ਜੇਕਰ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਹਾਮੀਂ ਭਰੀ ਹੈ ਤਾਂ ਆਗਾਮੀ ਦਿਨਾਂ ’ਚ ਸਿਆਸਤ ’ਚ ਕਾਫੀ ਵੱਡੀ ਹਲਚਲ ਹੋਣ ਦੀ ਉਮੀਦ ਹੈ।