ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਕਣਕ ਦਾ ਨਾੜ ਸਾੜਨ ਤੋਂ ਰੋਕਣ ਲਈ ਪਿੰਡਾਂ ’ਚ ਨਿਗਰਾਨੀ ਤੇਜ਼
ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਕਣਕ ਦਾ ਨਾੜ ਸਾੜਨ ਤੋਂ ਰੋਕਣ ਲਈ ਪਿੰਡਾਂ ’ਚ ਨਿਗਰਾਨੀ ਤੇਜ਼
Publish Date: Mon, 11 May 2026 07:09 PM (IST)
Updated Date: Tue, 12 May 2026 04:09 AM (IST)

ਐੱਸਡੀਐਮ ਮਹਿਲ ਕਲਾਂ ਵਲੋਂ ਪਿੰਡ ਚੁਹਾਨਕੇ ਕਲਾਂ ਦਾ ਦੌਰਾ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਜ਼ਿਲ੍ਹੇ ’ਚ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਸਖ਼ਤੀ ਨਾਲ ਨੱਥ ਪਾਉਣ ਲਈ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਨੇ ਪੁਲਿਸ ਅਤੇ ਸਿਵਿਲ ਪ੍ਰਸ਼ਾਸਨ ਦੀਆਂ ਟੀਮਾਂ ਨੂੰ ਵਧੇਰੇ ਮੁਸਤੈਦ ਰਹਿਣ ਅਤੇ ਪਿੰਡਾਂ ’ਚ ਗਸ਼ਤ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ ਹਨ। ਡੀਸੀ ਦੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਸਬ ਡਵੀਜ਼ਨਾਂ ਅੰਦਰ ਐਸਡੀਐਮ ਤੇ ਡੀਐਸਪੀ ਦੀ ਨਿਗਰਾਨੀ ਹੇਠ ਪਿੰਡਾਂ ’ਚ ਨਿਗਰਾਨੀ ਵਧਾ ਦਿੱਤੀ ਗਈ ਹੈ ਤਾਂ ਜੋ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਇਸੇ ਤਹਿਤ ਐੱਸਡੀਐਮ ਮਹਿਲ ਕਲਾਂ ਕ੍ਰਿਤਿਕਾ ਗੋਇਲ ਵਲੋਂ ਚੁਹਾਨਕੇ ਕਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਖੇਤ ’ਚ ਫਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀ ਕਾਰਵਾਈ ਉਨ੍ਹਾਂ ਦੇ ਧਿਆਨ ’ਚ ਆਉਂਦੀ ਹੈ ਤਾਂ ਤੁਰੰਤ ਇਸ ਬਾਰੇ ਸੂਚਨਾ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਰਹਿੰਦ ਖੂਹੰਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਇਲਾਕੇ ਵਿਚ ਫਾਇਰ ਬ੍ਰਿਗੇਡ ਦੇ ਦਸਤੇ ਪੂਰੀ ਤਰ੍ਹਾਂ ਮੁਸਤੈਦ ਹਨ ਅਤੇ ਜਿਵੇਂ ਹੀ ਕਿਸੇ ਖੇਤ ਵਿੱਚ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੁੰਦੀ ਹੈ, ਤਾਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾ ਰਹੀਆਂ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਅਤੇ ਵਾਤਾਵਰਣ ਦੇ ਹੋ ਰਹੇ ਪ੍ਰਦੂਸ਼ਣ ਨੂੰ ਫੌਰੀ ਤੌਰ ’ਤੇ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਨਾੜ ਸਾੜਨ ਨਾਲ ਪੈਦਾ ਹੋ ਰਿਹਾ ਪ੍ਰਦੂਸ਼ਣ, ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ਲਈ ਘਾਤਕ ਸਿੱਧ ਹੁੰਦਾ ਹੈ ਅਤੇ ਰਾਹਗੀਰਾਂ ਨੂੰ ਵਾਹਨ ਚਲਾਉਣ ਸਮੇਂ ਵੀ ਜ਼ੋਖਿਮ ਉਠਾਉਣਾ ਪੈਂਦਾ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਨਾੜ ਨੂੰ ਸਾੜਨ ਦੀ ਬਜਾਏ ਵਾਤਾਵਰਨ ਪੱਖੀ ਪ੍ਰਬੰਧਨ ਕਰਨ ਦੀ ਅਪੀਲ ਕੀਤੀ।