ਚੇਤੰਨ ਵਿਅਕਤੀ ਹੀ ਸਮਾਜਿਕ ਤਬਦੀਲੀ ਦੇ ਕਾਰਜ ਨੂੰ ਅੱਗੇ ਵਧਾਉਂਦੇ ਹਨ
ਵਿਚਾਰਧਾਰਕ ਤੌਰ 'ਤੇ ਚੇਤੰਨ ਵਿਅਕਤੀ ਹੀ ਸਮਾਜਿਕ ਤਬਦੀਲੀ ਦੇ ਕਾਰਜ ਨੂੰ ਅੱਗੇ ਵਧਾਉਂਦੇ ਹਨ
Publish Date: Mon, 11 May 2026 07:17 PM (IST)
Updated Date: Tue, 12 May 2026 04:10 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਮਾਜਿਕ ਤਬਦੀਲੀ ਦੇ ਵਡੇਰੇ ਤੇ ਕੰਡਿਆਲੇ ਰਾਹਾਂ ’ਤੇ ਵਿਗਿਆਨਕ ਤੌਰ ’ਤੇ ਚੇਤੰਨ ਵਿਅਕਤੀ ਹੀ ਤੁਰਨ ਦੀ ਜੁਅਰਤ ਕਰਦੇ ਹਨ। ਤਰਕਸ਼ੀਲ ਭਵਨ ਬਰਨਾਲਾ ’ਚ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲਿਆਂ ਨਾਲ ਖ਼ਚਾ ਖ਼ਚ ਭਰੇ ਹਾਲ ’ਚ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਪ੍ਰੋ. ਜਗਮੋਹਨ ਸਿੰਘ ਨੇ ਇਹ ਵਿਚਾਰ ਜੁਝਾਰੂ ਕਾਫ਼ਲਿਆਂ ਦੀ ਸੰਗੀ ਸਾਥੀ ਪਰਮਜੀਤ ਕੌਰ ਜੋਧਪੁਰ ਦੇ ਸਨਮਾਨ ਸਮਾਰੋਹ ਸਮੇਂ ਪੇਸ਼ ਕੀਤੇ। ਅਜਮੇਰ ਸਿੰਘ ਅਕਲੀਆ, ਇਕਬਾਲ ਕੌਰ ਉਦਾਸੀ ਅਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ ਪੇਸ਼ ਕੀਤੇ। ਸਨਮਾਨ ਸਮਾਰੋਹ ਦੀ ਸ਼ੁਰੂਆਤ ਪ੍ਰੋ਼ ਜਗਮੋਹਨ ਸਿੰਘ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਰੂਪਇੰਦਰਜੀਤ ਕੌਰ, ਸੁਖਚਰਨਪ੍ਰੀਤ ਸੁੱਖੀ ਆਦਿ ਸ਼ਖ਼ਸੀਅਤਾਂ ਦੀ ਪ੍ਰਧਾਨਗੀ ਹੇਠ ਹੋਏ ਸਨਮਾਨ ਸਮਾਰੋਹ ਕਮੇਟੀ ਨੂੰ ਗੁਰਮੀਤ ਸਿੰਘ ਸੁਖਪੁਰਾ ਵੱਲੋਂ ਜੀ ਆਇਆਂ ਆਖਣ ਨਾਲ ਹੋਈ। ਸਨਮਾਨ ਸਮਾਰੋਹ ਕਮੇਟੀ ਵੱਲੋਂ ਪੇਸ਼ ਕੀਤਾ ਸਨਮਾਨ ਪੱਤਰ ਸੋਹਣ ਸਿੰਘ ਮਾਝੀ ਅਤੇ ਪੋਸਟਲ ਐਂਡ ਇੰਪਲਾਈਜ ਯੂਨੀਅਨ ਵੱਲੋਂ ਮਨਜੀਤ ਕੌਰ ਸੰਧੂ ਕਲਾਂ ਨੇ ਪੜ੍ਹਦਿਆਂ ਪਰਮਜੀਤ ਕੌਰ ਜੋਧਪੁਰ ਦੀ ਜ਼ਿੰਦਗੀ ਦੇ ਅਹਿਮ ਪੱਖਾਂ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕੀਤੀ। ਬੁਲਾਰਿਆਂ ਨੇ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਤੇਜ਼ੀ ਨਾਲ ਵਾਪਰ ਰਹੇ ਘਟਨਾਕ੍ਰਮ ਤੇ ਚੁਣੌਤੀਆਂ ਤੇ ਚਾਨਣਾ ਪਾਉਂਦਿਆਂ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਪਰਮਜੀਤ ਕੌਰ ਜੋਧਪੁਰ ਨੇ ਆਪਣੇ ਵੱਲੋਂ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਦਿਆਂ ਹੀ ਵਿਗਿਆਨਕ ਲੋਕ ਪੱਖੀ ਵਿਚਾਰਧਾਰਾ ਦੀ ਮਿਲੀ ਗੁੜ੍ਹਤੀ ਨੇ ਹਰ ਮੁਸ਼ਕਲ ਦਾ ਸਿਦਕ ਦਿਲੀ ਨਾਲ ਟਾਕਰਾ ਕਰਨ ਦੇ ਸਮਰੱਥ ਬਣਾਇਆ ਹੈ। ਆਉਣ ਵਾਲੇ ਸਮੇਂ ’ਚ ਹੋਰ ਵੀ ਵੱਧ ਜ਼ਿੰਮੇਵਾਰੀ ਨਾਲ ਸਮਾਜਿਕ ਫਰਜ਼ ਅਦਾ ਕਰਨ ਦਾ ਅਹਿਦ ਕੀਤਾ। ਇਸ ਮੌਕੇ ਸਨਮਾਨ ਕਮੇਟੀ ਮੈਂਬਰ ਨਿਰਮਲ ਸਿੰਘ ਚੁਹਾਣਕੇ, ਨਵਕਿਰਨ ਪੱਤੀ ਤੇ ਜਗਰਾਜ ਟੱਲੇਵਾਲ ਆਦਿ ਨੇ ਆਪਣੀ ਜ਼ਿੰਮੇਵਾਰੀ ਪੂਰੀ ਸ਼ਿੱਦਤ ਨਾਲ ਨਿਭਾਈ।