ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਬੂਥਾਂ ’ਤੇ ਪੁੱਜੀਆਂ : ਜ਼ਿਲ੍ਹਾ ਚੋਣ ਅਫ਼ਸਰ
ਨਗਰ ਨਿਗਮ/ਕੌਂਸਲ ਚੋਣਾਂ: ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਬੂਥਾਂ 'ਤੇ ਪੁੱਜੀਆਂ: ਜ਼ਿਲ੍ਹਾ ਚੋਣ ਅਫ਼ਸਰ
Publish Date: Mon, 25 May 2026 05:24 PM (IST)
Updated Date: Tue, 26 May 2026 04:04 AM (IST)

ਨਗਰ ਨਿਗਮ ਬਰਨਾਲਾ ਦੇ 48 ਵਾਰਡਾਂ, ਨਗਰ ਕੌਂਸਲ ਤਪਾ ਦੇ 15 ਵਾਰਡਾਂ, ਧਨੌਲਾ ਦੇ 13 ਵਾਰਡਾਂ ਤੇ ਭਦੌੜ ਦੇ 13 ਵਾਰਡਾਂ ਲਈ ਹੋਣਗੀਆਂ ਚੋਣਾਂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ’ਚ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਭਦੌੜ ਤੇ ਧਨੌਲਾ ਲਈ ਵੋਟਾਂ ਭਲਕੇ 26 ਮਈ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੈਣਗੀਆਂ ਜਿਸ ਵਾਸਤੇ ਅੱਜ ਪੋਲਿੰਗ ਪਾਰਟੀਆਂ ਸਬੰਧਤ ਬੂਥਾਂ ਤੇ ਪੁੱਜ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣਕਾਰ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਲਈ ਕੁੱਲ 124 ਪੋਲਿੰਗ ਪਾਰਟੀਆਂ (ਸਮੇਤ ਰਾਖਵੀਆਂ) ਬਣਾਈਆਂ ਗਈਆਂ। ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ, ਭਦੌੜ ਅਤੇ ਤਪਾ ਲਈ ਕ੍ਰਮਵਾਰ 31, 24 ਤੇ 25 ਪੋਲਿੰਗ ਪਾਰਟੀਆਂ (ਸਮੇਤ ਰਾਖਵੀਆਂ) ਬਣਾਈਆਂ ਗਈਆਂ। ਨਗਰ ਨਿਗਮ ਬਰਨਾਲਾ ਦੇ ਚੋਣ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਐੱਸ ਡੀ ਕਾਲਜ ਆਫ ਫਾਰਮੇਸੀ ਤੋਂ ਰਵਾਨਾ ਕੀਤਾ ਗਿਆ। ਨਗਰ ਕੌਂਸਲ ਤਪਾ ਲਈ ਪੋਲਿੰਗ ਪਾਰਟੀਆਂ ਨੂੰ ਐੱਸਡੀਐਮ ਕੰਪਲੈਕਸ ਤਪਾ ਤੋਂ ਨਗਰ ਕੌਂਸਲ ਧਨੌਲਾ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਧਨੌਲਾ ਤੇ ਨਗਰ ਕੌਂਸਲ ਭਦੌੜ ਚੋਣਾਂ ਲਈ ਪੀਐਮ ਸ੍ਰੀ ਕੰਨਿਆ ਸਕੂਲ ਭਦੌੜ ਤੋਂ ਸਬੰਧਤ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਹੇਠ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ 48 ਵਾਰਡਾਂ ਲਈ ਵੋਟਾਂ ਪੈਣਗੀਆਂ ਜਿਸ ਵਾਸਤੇ 177 ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਮੰਤਵ ਲਈ ਬਣਾਏ 95 ਪੋਲਿੰਗ ਬੂਥਾਂ ਉੱਪਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣਾਂ ਨਿਰਪੱਖ ਤਰੀਕੇ ਨਾਲ ਕਰਵਾਉਣ ਲਈ ਪੋਲਿੰਗ ਬੂਥਾਂ ਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਇਸੇ ਤਰ੍ਹਾਂ ਨਗਰ ਕੌਂਸਲ ਧਨੌਲਾ ਲਈ 13 ਵਾਰਡਾਂ ਲਈ 58 ਉਮੀਦਵਾਰ ਮੈਦਾਨ ’ਚ ਹਨ ਤੇ 21 ਪੋਲਿੰਗ ਬੂਥਾਂ ਤੇ ਪੋਲਿੰਗ ਕਰਵਾਈ ਜਾਵੇਗੀ। ਨਗਰ ਕੌਂਸਲ ਤਪਾ ਦੇ 15 ਵਾਰਡਾਂ ਲਈ 59 ਉਮੀਦਵਾਰ ਚੋਣ ਮੈਦਾਨ ’ਚ ਹਨ ਅਤੇ 17 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਭਦੌੜ ਦੇ ਕੁੱਲ 13 ਵਾਰਡਾਂ ਲਈ ਬਣਾਏ ਗਏ 16 ਪੋਲਿੰਗ ਬੂਥਾਂ ਤੇ ਵੋਟਿੰਗ ਹੋਵੇਗੀ ਅਤੇ ਇਥੇ 55 ਉਮੀਦਵਾਰ ਚੋਣ ਮੈਦਾਨ ’ਚ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਰਨਾਲਾ ਅਧੀਨ 84858 ਵੋਟਰ, ਜਦਕਿ ਨਗਰ ਕੌਂਸਲ ਤਪਾ, ਭਦੌੜ ਤੇ ਧਨੌਲਾ ਅਧੀਨ ਕੁੱਲ 45107 ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣਗੇ। ਉਨ੍ਹਾਂ ਸਮੂਹ ਵੋਟਰਾਂ, ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਇਸ ਪ੍ਰਕਿਰਿਆ ਨੂੰ ਨਿਰਪੱਖ ਤਰੀਕੇ ਅਤੇ ਅਮਨ-ਅਮਾਨ ਨਾਲ ਸਿਰੇ ਚੜ੍ਹਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ।