ਮੋਟਰਾਂ ਦੀਆਂ ਤਾਰਾਂ ਚੋਰੀ, ਕਿਸਾਨਾਂ ’ਚ ਰੋਸ
ਪਿੰਡ ਟਿੱਬਾ ’ਚ ਮੋਟਰਾਂ ਦੀਆਂ ਤਾਰਾਂ ਚੋਰੀ, ਕਿਸਾਨਾਂ 'ਚ ਰੋਸ
Publish Date: Wed, 13 May 2026 05:14 PM (IST)
Updated Date: Wed, 13 May 2026 05:15 PM (IST)

- ਕੁਝ ਦਿਨਾਂ ’ਚ ਹੀ ਤਾਰਾਂ ਚੋਰੀ ਦੀ ਦੂਜੀ ਵਾਰਦਾਤ, ਪੁਲਿਸ ਤੋਂ ਕਾਰਵਾਈ ਦੀ ਮੰਗ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ ਸ਼ੇਰਪੁਰ : ਪਿੰਡ ਟਿੱਬਾ ਦੇ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਕਰ ਕੇ ਚੋਰੀ ਦੀਆਂ ਵਾਰਦਾਤਾਂ ਨੇ ਕਿਸਾਨਾਂ ਦੀ ਨੀਂਦ ਉਡਾ ਕੇ ਰੱਖੀ ਹੋਈ ਹੈ। ਜਿਸ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਕਿਸਾਨ ਗੁਰਸੇਵਕ ਸਿੰਘ, ਸਰਬਜੀਤ ਸਿੰਘ, ਸੁਰਿੰਦਰ ਸਿੰਘ ਭੋਲਾ ਅਤੇ ਜਗਦੇਵ ਸਿੰਘ ਮਿੱਠੂ ਆਦਿ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਤੋਂ ਅਣਪਛਾਤੇ ਚੋਰ ਰਾਤ ਦੇ ਸਮੇਂ ਕੇਬਲ ਤਾਰਾਂ ਚੋਰੀ ਕਰ ਕੇ ਫਰਾਰ ਹੋ ਗਏ। ਸਵੇਰੇ ਜਦੋਂ ਕਿਸਾਨ ਖੇਤਾਂ ਵਿੱਚ ਪਹੁੰਚੇ ਤਾਂ ਮੋਟਰਾਂ ਦੀਆਂ ਤਾਰਾਂ ਗਾਇਬ ਦੇਖ ਕੇ ਉਹ ਹੈਰਾਨ ਰਹਿ ਗਏ। ਕਿਸਾਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਇਲਾਕੇ ਵਿੱਚ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਵਾਪਰ ਚੁੱਕੀ ਹੈ, ਪਰ ਹੁਣ ਦੁਬਾਰਾ ਚੋਰੀ ਹੋਣ ਨਾਲ ਕਿਸਾਨਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਪਹਿਲਾਂ ਹੀ ਘਾਟੇ ਦਾ ਸੌਦਾ ਬਣੀ ਹੋਈ ਹੈ ਅਤੇ ਉੱਪਰੋਂ ਚੋਰੀਆਂ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ ਕਿਉਂਕਿ ਨਵੀਂਆਂ ਤਾਰਾਂ ਪਾਉਣ ਲਈ ਮੋਟੀ ਰਕਮ ਲੱਗਦੀ ਹੈ। ਪ੍ਰਭਾਵਿਤ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰੀਆਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਜਲਦ ਕਾਬੂ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਲਗਾਤਾਰ ਹੋ ਰਹੀਆਂ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਨੇ ਕਿਸਾਨਾਂ ਅਤੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਜਿਸ ਨੂੰ ਲੈ ਕੇ ਸਥਾਨਕ ਪੁਲਿਸ ਪ੍ਰਸ਼ਾਸਨ ਚੋਰੀ ਦੀਆਂ ਅਨੇਕਾਂ ਹੋਈਆਂ ਵਾਰਦਾਤਾਂ ਦਾ ਖੁਰਾ ਖੋਜ ਲੱਭਣ ਵਿੱਚ ਅਸਫਲ ਰਿਹਾ ਹੈ ਜਿਸ ਕਰ ਕੇ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਅਤੇ ਗੁੱਸਾ ਵੀ ਵੇਖਣ ਨੂੰ ਮਿਲ ਰਿਹਾ ਹੈ।