ਆਸ਼ਾ ਵਰਕਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਹੋਈ ਇਕੱਤਰਤਾ
ਆਸ਼ਾ ਵਰਕਰਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਮਹੀਨਾਵਾਰ ਮੀਟਿੰਗ
Publish Date: Wed, 13 May 2026 04:31 PM (IST)
Updated Date: Wed, 13 May 2026 04:33 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੇ ਹੁਕਮਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸੀਐੱਚਸੀ ਧਨੌਲਾ ਵਿਖੇ ਆਸ਼ਾ ਫਸਿਲੀਟੇਟਰ ਅਤੇ ਆਸ਼ਾ ਵਰਕਰ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਸ਼ਾ ਫਸਿਲੀਟੇਟਰ ਵੱਲੋਂ ਜਮ੍ਹਾ ਕਰਵਾਈ ਗਈ ਆਸ਼ਾ ਵਰਕਰਾਂ ਦੀ ਇੰਨਸੇਂਟਿਵ ਰਿਪੋਰਟ ਅਤੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਤੇ ਵੱਖ-ਵੱਖ ਸਿਹਤ ਯੋਜਨਾਵਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਵਾਲੀਆਂ ਆਸ਼ਾ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ। ਬੈਠਕ ਵਿਚ ਵਧੀਆ ਕੰਮ ਕਰਨ ਵਾਲੀਆਂ ਆਸ਼ਾ ਦੀ ਸ਼ਲਾਘਾ ਕੀਤੀ ਗਈ। ਮੀਟਿੰਗ ਵਿੱਚ ਆਸ਼ਾ ਪਾਸੋਂ ਜਮ੍ਹਾਂ ਕਰਵਾਈ ਗਈ ਇੰਨਸੇਂਟਿਵ ਰਿਪੋਰਟ ਵਿਚ ਪਾਈਆਂ ਗਈਆਂ ਖਾਮੀਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਅਧੂਰੀ ਰਿਪੋਰਟ ਜਲਦੀ ਪੂਰੀ ਕਰ ਕੇ ਜਮ੍ਹਾਂ ਕਰਵਾਉਣ ਦੀ ਹਿਦਾਇਤ ਕੀਤੀ ਗਈ ਤਾਂ ਜੋ ਬਣਦਾ ਇੰਨਸੇਂਟਿਵ ਛੇਤੀ ਤੋਂ ਛੇਤੀ ਆਸ਼ਾ ਵਰਕਰ ਦੇ ਖਾਤੇ ਵਿੱਚ ਪਾਇਆ ਜਾ ਸਕੇ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਸ਼ਾ ਵਰਕਰ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਹਨਾਂ ਨੂੰ ਮੌਕੇ 'ਤੇ ਹੱਲ ਕੀਤਾ ਗਿਆ। ਬੀ.ਐੱਸ.ਏ ਵਿਸ਼ਵਜੀਤ ਗਰਗ ਅਤੇ ਐੱਸ.ਆਈ ਦਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਆਸ਼ਾ ਨੂੰ ਹਰ ਸ਼ੁਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਡਿਊਟੀ ਦੌਰਾਨ ਵਰਦੀ ਪਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਮੀਟਿੰਗ ਉਪਰੰਤ ਆਸ਼ਾ ਵਰਕਰ ਨੂੰ ਲੋੜੀਂਦੀ ਸਮੱਗਰੀ (ਥਰਮਾਮੀਟਰ, ਇੰਚੀਟੇਪ, ਵਿਜ਼ਨ ਚਾਰਟ) ਅਤੇ ਬੈਗ ਆਦਿ ਵੀ ਵੰਡੇ ਗਏ। ਮੀਟਿੰਗ ਵਿੱਚ ਬੀ.ਈ.ਈ ਰਤਿਕਾ ਓਬਰਾਏ, ਬੀ.ਐੱਸ.ਏ ਵਿਸ਼ਵਜੀਤ ਗਰਗ, ਐੱਸ.ਆਈ ਹਰਜਿੰਦਰ ਸਿੰਘ ਅਤੇ ਦਰਸ਼ਪ੍ਰੀਤ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਲਖਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਵਿਰਕ, ਆਸ਼ਾ ਫਸਿਲੀਟੇਟਰ ਜਸਵਿੰਦਰ ਕੌਰ, ਪਵਨਪ੍ਰੀਤ ਕੌਰ, ਸਿਮਰਜੀਤ ਕੌਰ, ਪਰਮਜੀਤ, ਅਮਨਦੀਪ, ਅਮਨਪ੍ਰੀਤ, ਹਰਪਾਲ, ਪਰਵਿੰਦਰ, ਮਨਜੀਤ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।