ਹੜਾਂ ਤੋਂ ਪਹਿਲਾਂ ਕਿਸਾਨਾਂ ਦੀ ਸੁਰੱਖਿਆ ਲਈ ਹਮੀਦੀ ਪੰਚਾਇਤ ਦਾ ਵੱਡਾ ਕਦਮ, ਅੱਪਲਸਾੜਾ ਡਰੇਨ ਦੀ ਤੁਰੰਤ ਸਫਾਈ ਲਈ ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
ਹੜਾਂ ਤੋਂ ਪਹਿਲਾਂ ਕਿਸਾਨਾਂ
Publish Date: Tue, 12 May 2026 04:48 PM (IST)
Updated Date: Tue, 12 May 2026 04:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ ਮਾਨਸੂਨ ਦੇ ਮੌਸਮ ਤੋਂ ਪਹਿਲਾਂ ਹੜਾਂ ਦੇ ਸੰਭਾਵੀ ਖਤਰੇ ਨੂੰ ਦੇਖਦਿਆਂ ਪਿੰਡ ਹਮੀਦੀ ਦੀ ਗ੍ਰਾਮ ਪੰਚਾਇਤ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਵੱਡੀ ਪਹਿਲ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਅਤੇ ਗੁਰਮ ਵਿਚਕਾਰ ਲੰਘਦੀ ਅੱਪਲਸਾੜਾ ਡਰੇਨ ਦੀ ਸਮੇਂ ਸਿਰ ਸਫਾਈ ਕਰਵਾਉਣ ਲਈ ਸਰਪੰਚ ਉਮਨਦੀਪ ਸਿੰਘ ਸੋਹੀ ਦੀ ਅਗਵਾਈ ਹੇਠ ਪੰਚਾਇਤ ਦੇ ਵਫ਼ਦ ਨੇ ਏਡੀਸੀ ਬਰਨਾਲਾ ਵਿਵੇਕ ਮੋਦੀ ਨਾਲ ਵਿਸਥਾਰਪੂਰਵਕ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਅਤੇ ਹੜਾਂ ਤੋਂ ਪਹਿਲਾਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਏਡੀਸੀ ਵਿਵੇਕ ਮੋਦੀ ਨੇ ਪੰਚਾਇਤ ਨੂੰ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਇਸ ਗੰਭੀਰ ਸਮੱਸਿਆ ਨੂੰ ਤਰਜੀਹ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਡਰੇਨ ਦੀ ਸਫਾਈ ਜਲਦ ਕਰਵਾਈ ਜਾਵੇਗੀ। ਪੰਚਾਇਤ ਆਗੂਆਂ ਨੇ ਦੱਸਿਆ ਕਿ ਹਰ ਸਾਲ ਮਾਨਸੂਨ ਦੌਰਾਨ ਪਿਛਲੇ ਪਿੰਡਾਂ ਦਾ ਬਰਸਾਤੀ ਪਾਣੀ ਓਵਰਫਲੋ ਹੋ ਕੇ ਅੱਪਲਸਾੜਾ ਡਰੇਨ ਰਾਹੀਂ ਵਾਪਸ ਖੇਤਾਂ ’ਚ ਦਾਖ਼ਲ ਹੋ ਜਾਂਦਾ ਹੈ, ਜਿਸ ਨਾਲ ਡਰੇਨ ਨਾਲ ਲੱਗਦੀਆਂ ਜ਼ਮੀਨਾਂ ’ਚ ਖੜ੍ਹੀਆਂ ਝੋਨਾ, ਮੱਕੀ, ਮੂੰਗੀ, ਸਬਜ਼ੀਆਂ ਅਤੇ ਹਰੇ ਚਾਰੇ ਦੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ਹੇਠ ਆ ਜਾਂਦੀਆਂ ਹਨ। ਇਸ ਕਾਰਨ ਨਾ ਸਿਰਫ਼ ਫਸਲਾਂ ਦਾ ਨੁਕਸਾਨ ਹੁੰਦਾ ਹੈ, ਸਗੋਂ ਮਿੱਟੀ ਦੀ ਉਪਜਾਊ ਸਮਰੱਥਾ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਿਸਾਨਾਂ ਨੂੰ ਦੁੱਗਣਾ ਖਰਚਾ ਕਰਕੇ ਮੁੜ ਬੀਜਾਈ ਕਰਨੀ ਪੈਂਦੀ ਹੈ। ਪਿਛਲੇ ਕਈ ਸਾਲਾਂ ਤੋਂ ਇਹ ਸਮੱਸਿਆ ਲਗਾਤਾਰ ਬਣੀ ਹੋਈ ਹੈ ਜਿਸ ਕਾਰਨ ਕਿਸਾਨਾਂ ’ਚ ਚਿੰਤਾ ਅਤੇ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਹਮੀਦੀ ਇਲਾਕਾ ਖੇਤੀਬਾੜੀ ਪੱਖੋਂ ਮਹੱਤਵਪੂਰਨ ਹੈ ਅਤੇ ਇਥੇ ਸੈਂਕੜਿਆਂ ਏਕੜ ਜ਼ਮੀਨ ਡਰੇਨ ਨਾਲ ਲੱਗਦੀ ਹੋਈ ਹੈ। ਡਰੇਨ ’ਚ ਜੰਗਲੀ ਘਾਹ, ਮਿੱਟੀ ਅਤੇ ਗੰਦ ਇਕੱਠਾ ਹੋ ਜਾਣ ਕਰਕੇ ਪਾਣੀ ਦੀ ਰਵਾਨਗੀ ਰੁਕ ਜਾਂਦੀ ਹੈ, ਜਿਸ ਨਾਲ ਹੜਾਂ ਦੇ ਸਮੇਂ ਪਾਣੀ ਵਾਪਸ ਖੇਤਾਂ ਵੱਲ ਮੁੜ ਜਾਂਦਾ ਹੈ। ਜੇਕਰ ਸਮੇਂ ਸਿਰ ਡਰੇਨ ਦੀ ਸਫਾਈ ਨਾ ਹੋਵੇ ਤਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਿਰਫ਼ ਇੱਕ ਵਾਰੀ ਦੀ ਸਫਾਈ ਹੀ ਨਹੀਂ, ਸਗੋਂ ਡਰੇਨਾਂ ਦੀ ਨਿਯਮਤ ਦੇਖਭਾਲ ਲਈ ਲੰਬੇ ਸਮੇਂ ਦੀ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਕਿਸਾਨਾਂ ਨੂੰ ਮੁੜ ਇਹ ਸਮੱਸਿਆ ਨਾ ਝੱਲਣੀ ਪਵੇ। ਪੰਚਾਇਤ ਮੈਂਬਰਾਂ ਨੇ ਕਿਹਾ ਕਿ ਜੇਕਰ ਡਰੇਨਾਂ ਦੀ ਸਫਾਈ ਸਮੇਂ ਸਿਰ ਕਰਵਾਈ ਜਾਵੇ ਤਾਂ ਹੜਾਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਅਤੇ ਕਿਸਾਨਾਂ ਦੀ ਮਿਹਨਤ ਅਤੇ ਲੱਖਾਂ ਰੁਪਏ ਦੀ ਲਾਗਤ ਬਚਾਈ ਜਾ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਸੂਬਾ ਪੱਧਰ ’ਤੇ ਡਰੇਨਾਂ ਅਤੇ ਨਹਿਰਾਂ ਦੀ ਸਫਾਈ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਤਾਂ ਜੋ ਮਾਨਸੂਨ ਦੌਰਾਨ ਕਿਸਾਨਾਂ ਦੀਆਂ ਫਸਲਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।