ਗਰਮੀ ਦਾ ਕਹਿਰ: ਪਾਰਾ 44 ਡਿਗਰੀ ਤੋਂ ਪਾਰ, ਦੁਪਹਿਰ ਵੇਲੇ ਸੜਕਾਂ ’ਤੇ ਪਸਰਿਆ ਸੰਨਾਟਾ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਮਈ ਮਹੀਨੇ ਦੇ ਅੱਧ ’ਚ ਹੀ ਜ਼ਿਲ੍ਹਾ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਗਰਮੀ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਖੇਤਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ। ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
Publish Date: Thu, 21 May 2026 03:06 PM (IST)
Updated Date: Thu, 21 May 2026 03:11 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਮਈ ਮਹੀਨੇ ਦੇ ਅੱਧ ’ਚ ਹੀ ਜ਼ਿਲ੍ਹਾ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ’ਚ ਗਰਮੀ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਖੇਤਰ ਦਾ ਤਾਪਮਾਨ 44 ਡਿਗਰੀ ਸੈਲਸੀਅਸ ਦੇ ਅੰਕੜੇ ਨੂੰ ਪਾਰ ਕਰ ਗਿਆ। ਜਿਸ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਸਵੇਰੇ 11 ਵਜਦੇ ਹੀ ਅਸਮਾਨ ’ਚੋਂ ਵਰ੍ਹਦੀ ਅੱਗ ਅਤੇ ਚੱਲਦੀ ਲੂ ਕਾਰਨ ਸ਼ਹਿਰ ਦੇ ਮੁੱਖ ਬਾਜ਼ਾਰਾਂ, ਜਿਵੇਂ ਸਦਰ ਬਾਜ਼ਾਰ ਅਤੇ ਫਰਵਾਹੀ ਬਾਜ਼ਾਰ ਅਤੇ ਹੰਡਿਆਇਆ ਬਾਜ਼ਾਰ ’ਚ ਦੁਪਹਿਰ ਵੇਲੇ ਕਰਫ਼ਿਊ ਵਰਗਾ ਸੰਨਾਟਾ ਦੇਖਣ ਨੂੰ ਮਿਲ ਰਿਹਾ ਹੈ।
ਲੋਕ ਚਿਹਰੇ ਢੱਕ ਕੇ ਬਾਹਰ ਨਿਕਲਣ ਲਈ ਮਜਬੂਰ ਹਨ। ਗਰਮੀ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਬਰਨਾਲਾ ਦੇ ਮਾਹਿਰ ਡਾਕਟਰਾਂ ਨੇ ਆਮ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਪ੍ਰਦੀਪ ਮਲਟੀਸਪੈਸ਼ਲਿਸਟੀ ਹਸਪਤਾਲ ਦੇ ਐੱਮ.ਡੀ. ਡਾ. ਕਰਨ ਸ਼ਰਮਾ ਅਨੁਸਾਰ ਦੁਪਹਿਰ 12 ਤੋਂ 4 ਵਜੇ ਤੱਕ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਸਰੀਰ ’ਚ ਪਾਣੀ ਦੀ ਕਮੀ ਨਾ ਹੋਣ ਦੇਣ ਲਈ ਨਿੰਬੂ ਪਾਣੀ, ਲੱਸੀ ਅਤੇ ਓ.ਆਰ.ਐੱਸ. ਦੇ ਘੋਲ ਦੀ ਵਰਤੋਂ ਕੀਤੀ ਜਾਵੇ।
ਭੀਮ ਨਰਸਿੰਗ ਹੋਮ ਦੇ ਡਾ. ਅੰਸੁਲ ਗਰਗ ਨੇ ਕਿਹਾ ਕਿ ਖ਼ਾਸ ਕਰਕੇ ਸਕੂਲੀ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਦੂਜੇ ਪਾਸੇ, ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਅਤੇ ਪਾਰਾ ਹੋਰ ਉੱਪਰ ਜਾ ਸਕਦਾ ਹੈ।