ਵੋਟਰ ਸੂਚੀਆਂ ਤੇ ਵਾਰਡਾਂ ’ਚ ਵੱਡੀਆਂ ਧਾਂਦਲੀਆਂ : ਕੇਵਲ ਢਿੱਲੋਂ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸੂਬਾ ਸਰਕਾਰ ਤੇ ਸੱਤਾਧਿਰ ਪਾਰਟੀ ਨੇ ਵੋਟਰ ਸੂਚੀਆਂ ਤੇ ਵਾਰਡਾਂ ’ਚ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨਗਰ ਨਿਗਮ ਦੀ ਚੋਣ ਲੜਨ ਵਾਲੇ ਭਾਜਪਾ ਦੇ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਦਾਖਲ ਕਰਵਾਉਣ ਉਪਰੰਤ ਪੰਜਾਬੀ ਜਾਗਰਣ ਨਾਲ ਸਾਂਝੇ ਕੀਤੇ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ। ਭਾਜਪਾ ਆਗੂ ਤੇ ਵਰਕਰਾਂ ’ਚ ਇਸ ਚੋਣ ਨੂੰ ਲੈ ਕੇ ਬਹੁਤ ਵੱਡਾ ਉਤਸਾਹ ਹੈ। ਕਰੀਬ 37 ਵਾਰਡਾਂ ’ਚੋਂ ਉਮੀਦਵਾਰ ਨਾਮਜਦਗੀ ਪੇਪਰ ਦਾਖਲ ਕਰ ਰਹੇ ਹਨ। ਸ਼ਨਿੱਚਰਵਾਰ ਨੂੰ ਨਾਮਜਦਗੀਆਂ ਦਾ ਅਖੀਰਲਾ ਦਿਨ ਹੈ। ਹੋ ਸਕਦਾ ਸਾਰੇ ਹੀ ਵਾਰਡਾਂ ’ਚੋਂ ਭਾਜਪਾ ਦੇ ਉਮੀਦਵਾਰ ਚੋਣ ਲੜਨ। ਇਸ ਮੌਕੇ ਬਰਨਾਲਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਰਹੇ ਨਰਿੰਦਰ ਗਰਗ ਨੀਟਾ ਦੀ ਪਤਨੀ ਮਮਤਾ ਗਰਗ ਸਣੇ ਉਨ੍ਹਾਂ ਭਾਜਪਾ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਦਾਖਲ ਕੀਤੇ। ਇਸ ਮੌਕੇ ਟਰੱਕ ਯੂਨੀਅਨ ਬਰਨਾਲਾ ਦੇ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ, ਭਾਜਪਾ ਆਗੂ ਜਸਵੀਰ ਸਿੰਘ ਗੱਖੀ ਸਣੇ ਵੱਡੀ ਗਿਣਤੀ ’ਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ। ਗੌਰ ਹੋਵੇ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਬਰਨਾਲਾ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਬਰਨਾਲਾ ਦੇ 50 ਵਾਰਡਾਂ ਲਈ ਭਾਜਪਾ ਨੇ ਵੱਖ-ਵੱਖ ਵਾਰਡਾਂ ਤੋਂ 26 ਉਮੀਦਵਾਰਾਂ ਦੇ ਨਾਮ ਪਹਿਲੀ ਸੂਚੀ ’ਚ ਸ਼ਾਮਲ ਕੀਤੇ ਗਏ ਸਨ। ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਨੂੰ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਵਰਕਿੰਗ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਸਹਿਮਤੀ ਤੇ ਪ੍ਰਵਾਨਗੀ ਤੋਂ ਬਾਅਦ ਜਨਤਕ ਕੀਤਾ ਗਿਆ ਹੈ। ਇਸ ਸੂਚੀ ’ਚ ਜਾਰੀ ਕੀਤੇ ਗਏ ਨਾਵਾਂ ਅਨੁਸਾਰ ਵਾਰਡ ਨੰਬਰ 6 ਤੋਂ ਡਾ. ਸੁਖਦੀਪ ਸਿੰਘ, ਵਾਰਡ 8 ਤੋਂ ਮਨੀ ਗਰਗ, ਵਾਰਡ 9 ਤੋਂ ਬਬੀਤਾ ਰਾਣੀ ਅਤੇ ਵਾਰਡ 10 ਤੋਂ ਪਰਦੀਪ ਬਾਂਸਲ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ। ਇਸੇ ਤਰ੍ਹਾਂ ਵਾਰਡ 14 ਤੋਂ ਸ਼ਿਵਾਂਸ਼ੂ ਗਰਗ, ਵਾਰਡ 15 ਤੋਂ ਦੀਪਇੰਦਰ ਕੌਰ, ਵਾਰਡ 19 ਤੋਂ ਪੂਨਮ ਗੋਇਲ, ਵਾਰਡ 20 ਤੋਂ ਸੋਨੀ ਸਿੰਘ ਅਤੇ ਵਾਰਡ 22 ਤੋਂ ਹਰਬਖਸ਼ੀਸ਼ ਸਿੰਘ ਗੋਨੀ ਨੂੰ ਟਿਕਟ ਦਿੱਤੀ ਗਈ ਹੈ। ਇਸਤੋਂ ਇਲਾਵਾ ਸੁਖਦਿਆਲ ਕੌਰ ਵਾਰਡ 27, ਧਰਮ ਸਿੰਘ ਫੌਜੀ ਵਾਰਡ 28, ਲਕਸ਼ਮੀ ਦੇਵੀ ਵਾਰਡ 29, ਰਾਜੂ ਚੌਧਰੀ ਵਾਰਡ 30, ਰਜਨੀ ਗੋਇਲ ਵਾਰਡ 31, ਰੀਤੂ ਸ਼ਰਮਾ ਵਾਰਡ 32, ਬਲਵਿੰਦਰ ਸਿੰਘ ਵਾਰਡ 34, ਬੇਬੀ ਰਾਣੀ ਵਾਰਡ 35, ਕੇਵਲ ਧਰਨੀ ਵਾਰਡ 36, ਚਰਨਜੀਤ ਸਿੰਘ ਵਾਰਡ 37, ਸ਼ਿਵਾਨੀ ਵਾਰਡ 38, ਪੂਨਮ ਅਗਰਵਾਲ ਵਾਰਡ 39, ਸਨੇਹ ਲਤਾ ਵਾਰਡ 41, ਹਿਤੇਸ਼ਵਰ ਕੁਮਾਰ ਵਾਰਡ42, ਚਰਨਜੀਤ ਕੌਰ ਵਾਰਡ 45, ਸੰਜੀਵ ਕੁਮਾਰ ਕਾਕਾ ਵਾਰਡ 46 ਅਤੇ ਪ੍ਰਿਯੰਕਾ ਮਿੱਤਲ ਵਾਰਡ 47 ਦੇ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।