ਬਰਨਾਲਾ ਦੇ ਪਿੰਡ ਸੇਖਾ 'ਚ ਵੱਡਾ ਹਾਦਸਾ: ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਡਿੱਗੀ; ਮਲਬੇ ਹੇਠਾਂ ਦੱਬਣ ਕਾਰਨ ਮਾਸੂਮ ਬੱਚੀ ਗੰਭੀਰ ਜ਼ਖ਼ਮੀ
ਨੇੜਲੇ ਪਿੰਡ ਸੇਖਾ ਵਿਖੇ ਬੀਤੀ ਰਾਤ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਅਚਾਨਕ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਘਟਨਾ ਵਿੱਚ ਇੱਕ ਮਾਸੂਮ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਦਕਿ ਘਰ ਅੰਦਰ ਪਿਆ ਤਮਾਮ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Publish Date: Wed, 20 May 2026 12:31 PM (IST)
Updated Date: Wed, 20 May 2026 12:32 PM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ - ਨੇੜਲੇ ਪਿੰਡ ਸੇਖਾ ਵਿਖੇ ਬੀਤੀ ਰਾਤ ਇੱਕ ਗਰੀਬ ਮਜ਼ਦੂਰ ਪਰਿਵਾਰ ਦੇ ਕੱਚੇ ਮਕਾਨ ਦੀ ਛੱਤ ਅਚਾਨਕ ਡਿੱਗ ਜਾਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਘਟਨਾ ਵਿੱਚ ਇੱਕ ਮਾਸੂਮ ਬੱਚੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ, ਜਦਕਿ ਘਰ ਅੰਦਰ ਪਿਆ ਤਮਾਮ ਘਰੇਲੂ ਸਾਮਾਨ ਮਲਬੇ ਹੇਠਾਂ ਦੱਬ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਰਾਤ ਨੂੰ ਸੌਂਦੇ ਸਮੇਂ ਵਾਪਰਿਆ ਭਾਣਾ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਅਮਨਦੀਪ ਕੌਰ ਪਤਨੀ ਕਾਕਾ ਸਿੰਘ ਨੇ ਦੱਸਿਆ ਕਿ ਉਹ ਬੇਹੱਦ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਬੀਤੀ ਰਾਤ ਤਕਰੀਬ 10:30 ਵਜੇ ਉਹ ਆਪਣੀ ਬੇਟੀ ਸਿਮਰਨ ਕੌਰ ਨਾਲ ਕਮਰੇ ਅੰਦਰ ਸੁੱਤੀ ਹੋਈ ਸੀ। ਮਕਾਨ ਦੀ ਹਾਲਤ ਕਾਫੀ ਖ਼ਸਤਾ ਹੋਣ ਕਰਕੇ ਕੱਚੇ ਕਮਰੇ ਦੀ ਛੱਤ ਅਚਾਨਕ ਭਰਾਹਟ ਕਰਕੇ ਹੇਠਾਂ ਆ ਡਿੱਗੀ, ਜਿਸ ਕਾਰਨ ਦੋਵੇਂ ਮਾਂ-ਧੀ ਮਲਬੇ ਹੇਠਾਂ ਦੱਬੀਆਂ ਗਈਆਂ।
ਪਿੰਡ ਵਾਸੀਆਂ ਨੇ ਮਲਬੇ 'ਚੋਂ ਕੱਢਿਆ ਬਾਹਰ
ਧਮਾਕੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਪਿੰਡ ਵਾਸੀ ਤੁਰੰਤ ਮੌਕੇ 'ਤੇ ਇਕੱਠੇ ਹੋਏ। ਲੋਕਾਂ ਨੇ ਮੁਸਤੈਦੀ ਦਿਖਾਉਂਦਿਆਂ ਭਾਰੀ ਜੱਦੋ-ਜਹਿਦ ਤੋਂ ਬਾਅਦ ਮਲਬੇ ਨੂੰ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਬੱਚੀ ਸਿਮਰਨ ਕੌਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਸਰਕਾਰ ਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ
ਰੋਂਦੀ ਹੋਈ ਪੀੜਤ ਔਰਤ ਨੇ ਦੱਸਿਆ ਕਿ ਇਸ ਹਾਦਸੇ ਨੇ ਉਨ੍ਹਾਂ ਨੂੰ ਸੜਕ 'ਤੇ ਲਿਆ ਖੜ੍ਹਾ ਕੀਤਾ ਹੈ। ਘਰ ਦਾ ਸਾਰਾ ਰਾਸ਼ਨ, ਕੱਪੜੇ ਅਤੇ ਕੀਮਤੀ ਸਾਮਾਨ ਟੁੱਟ-ਭੱਜ ਕੇ ਬਰਬਾਦ ਹੋ ਚੁੱਕਾ ਹੈ। ਪਰਿਵਾਰ ਦੀ ਆਰਥਿਕ ਹਾਲਤ ਇੰਨੀ ਮਾੜੀ ਹੈ ਕਿ ਉਹ ਦੁਬਾਰਾ ਮਕਾਨ ਦੀ ਉਸਾਰੀ ਜਾਂ ਮੁਰੰਮਤ ਕਰਵਾਉਣ ਦੇ ਸਮਰੱਥ ਨਹੀਂ ਹਨ। ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਮਾੜੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਨਵਾਂ ਮਕਾਨ ਬਣਾਉਣ ਲਈ ਤੁਰੰਤ ਢੁਕਵੀਂ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਵੇ।