ਨੁਕਸਾਨੀਆਂ ਫ਼ਸਲਾਂ ਦੀਆਂ ਗਿਰਦਾਵਰੀਆਂ ਕਰਵਾ, ਕਿਸਾਨਾਂ ਮਜ਼ਦੂਰਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਣ ਦੀ ਮੰਗ
ਨੁਕਸਾਨੀਆਂ ਫ਼ਸਲਾਂ ਦੀਆਂ ਗਿਰਦਾਵਰੀਆਂ ਕਰਵਾ, ਕਿਸਾਨਾਂ ਮਜ਼ਦੂਰਾਂ ਨੂੰ ਬਣਦਾ ਯੋਗ ਮੁਆਵਜ਼ਾ ਦੇਣ ਦੀ ਮੰਗ
Publish Date: Tue, 12 May 2026 04:36 PM (IST)
Updated Date: Tue, 12 May 2026 04:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਨੇ ਦੱਸਿਆ ਕਿ ਜੋ 11 ਮਈ ਨੂੰ ਕੁਦਰਤੀ ਆਫ਼ਤ ਨਾਲ ਜਿਵੇਂ ਕਿ ਮੱਕੀ ਮੂੰਗੀ ਹਰੀਆਂ ਸਬਜ਼ੀਆਂ ਦਾ ਗੜਿਆਂ ਤੇ ਝੱਖੜ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਸ ਸਬੰਧਤ ਪੀੜਤ ਪਰਿਵਾਰਾਂ ਕਿਸਾਨ ਮਜ਼ਦੂਰਾਂ ਨੇ ਜ਼ਮੀਨਾਂ ਠੇਕੇ ਤੇ ਲੈਕੇ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਫਸਲਾਂ ਬੀਜੀਆਂ ਸਨ। ਉਨ੍ਹਾਂ ਕਿਹਾ ਕਿ ਉਹ ਡੀਸੀ ਬਰਨਾਲਾ, ਐੱਸਡੀਐੱਮ, ਤਹਿਸੀਲਦਾਰਾਂ ਤੋਂ ਮੰਗ ਕਰਦੇ ਹਾਂ ਕਿ ਸਬੰਧਤ ਅਧਿਕਾਰੀਆਂ ਨੂੰ ਨੁਕਸਾਨੀਆਂ ਫ਼ਸਲਾਂ ਦੀਆਂ ਗਿਰਦਾਵਰੀਆਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਣ ਤੇ ਕਿਸ਼ਾਨਾਂ ਮਜ਼ਦੂਰਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਇਲਾਕੇ ਨਾਲ ਸਬੰਧਤ ਤਹਿਸੀਲਦਾਰ ਨੂੰ ਤੁਰੰਤ ਗਿਰਦਾਵਰੀਆਂ ਲਈ ਅਰਜ਼ੀਆਂ ਦਿੱਤੀਆਂ ਜਾਣ, ਤਾਂਕਿ ਸਮੇਂ ਸਿਰ ਗਿਰਦਾਵਰੀਆਂ ਹੋ ਸਕਣ। ਜੇਕਰ ਸਬੰਧਤ ਅਧਿਕਾਰੀਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ਾ ਦੇਣ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।