ਐੱਸਡੀਐੱਮ ਕ੍ਰਿਤਿਕਾ ਗੋਇਲ ਨੇ ਕੀਤੀ ਚੈਕਿੰਗ
ਐਸ.ਡੀ.ਐਮ. ਕ੍ਰਿਤਿਕਾ ਗੋਇਲ ਨੇ ਕੀਤੀ ਅਚਾਨਕ ਚੈਕਿੰਗ
Publish Date: Fri, 08 May 2026 04:24 PM (IST)
Updated Date: Sat, 09 May 2026 04:03 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਸਬ-ਡਿਵੀਜ਼ਨ ਮਹਿਲਕਲਾਂ ’ਚ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ ’ਚ ਚੱਲ ਰਹੇ ਵਿਕਾਸ ਕੰਮਾਂ ਦੀ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਗਈ ਹੈ। ਇਸੇ ਤਹਿਤ ਕ੍ਰਿਤਿਕਾ ਗੋਇਲ, ਆਈਏਐੱਸ, ਉਪ ਮੰਡਲ ਮੈਜਿਸਟ੍ਰੇਟ ਮਹਿਲਕਲਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਦੀ ਅਚਾਨਕ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਤਾ ਲੱਗਿਆ ਕਿ ਗ੍ਰਾਮ ਪੰਚਾਇਤ ਵੱਲੋਂ ਸਕੂਲ ਦੇ ਇਕ ਕਮਰੇ ਨੂੰ ਢਾਹ ਕੇ ਨਵਾਂ ਨਿਰਮਾਣ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਸੀ, ਪਰ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹ ਕੰਮ ਅਧੂਰਾ ਪਿਆ ਹੈ। ਕਮਰੇ ਨੂੰ ਢਾਹੁਣ ਤੋਂ ਬਾਅਦ ਇੱਟਾਂ ਅਤੇ ਹੋਰ ਮਲਬਾ ਲੰਬੇ ਸਮੇਂ ਤੋਂ ਸਕੂਲ ’ਚ ਹੀ ਪਿਆ ਹੋਇਆ ਹੈ, ਜੋ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਖ਼ਤਰਾ ਬਣ ਸਕਦਾ ਹੈ। ਇਸ ਮੌਕੇ ਦੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਡੀਐੱ ਨੇ ਤੁਰੰਤ ਪੰਚਾਇਤ ਸਕੱਤਰ ਨੂੰ ਸਕੂਲ ’ਚ ਬੁਲਾਇਆ ਤੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਨਿਰਮਾਣ ਤੇ ਮਲਬਾ ਹਟਾਉਣ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਵਾਇਆ ਜਾਵੇ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਬੱਚਿਆਂ ਦੀ ਸੁਰੱਖਿਆ ’ਚ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਨਾਲ ਵੀ ਤਾਲਮੇਲ ਕੀਤਾ ਗਿਆ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਇਸ ਸਬੰਧੀ ਤਜਵੀਜ਼ ਤਿਆਰ ਕਰਕੇ ਡਾਇਰੈਕਟਰ ਆਫ ਪਬਲਿਕ ਇੰਸਟ੍ਰਕਸ਼ਨਜ਼, ਚੰਡੀਗੜ੍ਹ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਅਗਲੀ ਪ੍ਰਸ਼ਾਸਕੀ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਪ ਮੰਡਲ ਮੈਜਿਸਟ੍ਰੇਟ ਨੇ ਹਦਾਇਤ ਕੀਤੀ ਕਿ ਭੇਜੀ ਗਈ ਤਜਵੀਜ਼ ਦੀ ਇੱਕ ਕਾਪੀ ਦਫਤਰ ਐੱਸਡੀਐੱਮ ਮਹਿਲ ਕਲਾਂ ’ਚ ਵੀ ਜਮ੍ਹਾਂ ਕਰਵਾਈ ਜਾਵੇ, ਤਾਂ ਜੋ ਕੰਮ ’ਤੇ ਨਜ਼ਰ ਤੇ ਜ਼ਿੰਮੇਵਾਰੀ ਤੈਅ ਕੀਤੀ ਕੀਤੀ ਜਾਵੇ।