ਪੀਜੀਆਈ ਸੈਟੇਲਾਈਟ ਸੈਂਟਰ ’ਚ ਘਾਟਾਂ ਸਬੰਧੀ ਕੇਂਦਰੀ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ
ਪੀਜੀਆਈ ਸੈਟੇਲਾਈਟ ਸੈਂਟਰ ’ਚ ਘਾਟਾਂ ਸਬੰਧੀ ਕੇਂਦਰੀ ਸਿਹਤ ਮੰਤਰੀ ਨੂੰ ਮੰਗ ਪੱਤਰ ਭੇਜਿਆ
Publish Date: Wed, 25 Mar 2026 05:10 PM (IST)
Updated Date: Wed, 25 Mar 2026 05:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੀਜੀਆਈ ਸੈਟੇਲਾਈਟ ਸੈਂਟਰ ਸੰਗਰੂਰ ਵਿੱਚ ਅਧੂਰੀਆਂ ਸਹੂਲਤਾਂ ਅਤੇ ਇਨਫਰਾਸਟ੍ਰਕਚਰ ਨੂੰ ਮੁਕੰਮਲ ਕਰਨ ਸਬੰਧੀ ਸ਼ਹਿਰ ਵਾਸੀਆਂ ਨੇ ਜਤਿੰਦਰ ਕਾਲੜਾ ਦੀ ਅਗਵਾਈ ’ਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੂੰ ਮੰਗ ਪੱਤਰ ਭੇਜਿਆ ਹੈ। ਉਨ੍ਹਾਂ ਮੰਗ ਪੱਤਰ ਵਿੱਚ ਦੱਸਿਆ ਕਿ ਪੀਜੀਆਈ ਸੈਟੇਲਾਈਟ ਸੈਂਟਰ ਦੀ ਮੌਜੂਦਾ ਤਰਸਯੋਗ ਹਾਲਤ ਹੋ ਰਹੀ ਹੈ। ਇਹ ਪ੍ਰਾਜੈਕਟ ਸਾਲ 2013 ਵਿੱਚ ਮਾਲਵਾ ਖੇਤਰ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਸੀ, ਪਰ ਅਫ਼ਸੋਸ ਕਿ 10 ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਹਾਲੇ ਤੱਕ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹੋ ਸਕਿਆ। ਸੰਸਦੀ ਸਥਾਈ ਕਮੇਟੀ ਦੀਆਂ ਤਾਜ਼ਾ ਰਿਪੋਰਟਾਂ ਨੇ ਵੀ ਇਸ ਸੈਂਟਰ ਵਿੱਚ ਹੋ ਰਹੀ ਦੇਰੀ ਅਤੇ ਪ੍ਰਬੰਧਕੀ ਖਾਮੀਆਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ, ਪਰ ਇਨ-ਪੇਸ਼ੈਂਟ ਸੇਵਾਵਾਂ ਹਾਲੇ ਵੀ ਸੀਮਤ ਹਨ। ਇਸ ਨੂੰ ਤੁਰੰਤ 300 ਬੈੱਡਾਂ ਦੀ ਪੂਰੀ ਸਮਰੱਥਾ ਨਾਲ ਚਾਲੂ ਕੀਤਾ ਜਾਵੇ। ਇਸ ਹਸਪਤਾਲ ਵਿੱਚ ਮਾਹਿਰ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ‘ਮਿਸ਼ਨ ਮੋਡ’ ਵਿੱਚ ਭਰਿਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਚੰਡੀਗੜ੍ਹ ਵੱਲ ਰੈਫਰ ਨਾ ਕਰਨਾ ਪਵੇ। ਇਸ ਸੈਂਟਰ ਦੇ ਸੁਚਾਰੂ ਪ੍ਰਬੰਧਨ ਲਈ ਇੱਕ ਸੁਤੰਤਰ ਅਤੇ ਸਥਾਈ ਮੈਡੀਕਲ ਸੁਪਰਡੈਂਟ ਜਾਂ ਡਾਇਰੈਕਟਰ ਨਿਯੁਕਤ ਕੀਤਾ ਜਾਵੇ, ਜੋ ਸਿਰਫ਼ ਸੰਗਰੂਰ ਸੈਂਟਰ ਦੀਆਂ ਲੋੜਾਂ ਤੇ ਧਿਆਨ ਦੇਵੇ। ਇਲਾਕੇ ਵਿੱਚ ਸੜਕ ਹਾਦਸਿਆਂ ਦੀ ਭਰਮਾਰ ਨੂੰ ਦੇਖਦਿਆਂ ਇੱਥੇ ਇੱਕ ਅਤਿ-ਆਧੁਨਿਕ 24 ਘੰਟੇ ਚੱਲਣ ਵਾਲਾ ਟਰਾਮਾ ਸੈਂਟਰ ਸ਼ੁਰੂ ਕੀਤਾ ਜਾਵੇ। ਇਸਦੇ ਨਾਲ ਹੀ ਹਸਪਤਾਲ ਦੇ ਡਿਜੀਟਲ ਸਿਸਟਮ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਦਾ ਡਾਟਾ ਪਾਰਦਰਸ਼ੀ ਰਹੇ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸੰਗਰੂਰ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕ ਇਸ ਉਮੀਦ ਵਿੱਚ ਹਨ ਕਿ ਉਨ੍ਹਾਂ ਨੂੰ ਸਸਤਾ ਅਤੇ ਵਧੀਆ ਇਲਾਜ ਆਪਣੇ ਇਲਾਕੇ ਵਿੱਚ ਹੀ ਮਿਲੇਗਾ। ਉਮੀਦ ਹੈ ਕਿ ਇਸ ਗੰਭੀਰ ਮੁੱਦੇ ਵੱਲ ਨਿੱਜੀ ਤੌਰ ਤੇ ਧਿਆਨ ਦਿੱਤਾ ਜਾਵੇਗਾ।