ਸਫ਼ਈ ਕਰਮਚਾਰੀਆਂ ਦੀ ਹਮਾਇਤ ’ਚ ਆਏ ਸੰਘਰਸ਼ਸੀਲ ਜਥੇਬੰਦੀਆਂ ਦੇ ਆਗੂ
ਸੰਘਰਸ਼ਸੀਲ ਜਥੇਬੰਦੀਆਂ ਦੇ ਆਗੂ ਸਫਾਈ ਕਰਮਚਾਰੀਆਂ ਦੀ ਹਮਾਇਤ ’ਚ ਆਏ
Publish Date: Wed, 13 May 2026 03:47 PM (IST)
Updated Date: Wed, 13 May 2026 03:51 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਇਨਕਲਾਬੀ ਕੇਂਦਰ ਨੇ ਕੀਤੀ ਮਿਉਂਸਪਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਨਗਰ ਨਿਗਮ ਦਫ਼ਤਰ ਬਰਨਾਲਾ ਵੱਡੀ ਗਿਣਤੀ ’ਚ ਪਹੁੰਚ ਕੇ ਮਾਰਿਆ ਸੰਘਰਸ਼ੀ ਲਲਕਾਰਾ ਬਰਨਾਲਾ 13 ਮਈ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮਿਉਂਸਪਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕਰਦਿਆਂ, ਹਰ ਕਿਸਮ ਦਾ ਸਰਗਰਮ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਮਿਉਂਸਪਲ ਕਾਮਿਆਂ ਦੀ ਹੜਤਾਲ ਦੀ ਹਮਾਇਤ ’ਚ ਡਾ ਰਜਿੰਦਰ ਪਾਲ ਦੀ ਅਗਵਾਈ ’ਚ ਇਨਕਲਾਬੀ ਕੇਂਦਰ ਪੰਜਾਬ ਦਾ ਕਾਫ਼ਲਾ ਸ਼ਾਮਿਲ ਹੋਇਆ। ਮਿਉਂਸਪਲ ਕਾਮਿਆਂ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਦੇ ਆਗੂ ਰਜਿੰਦਰ ਡਾ ਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਆਗੂ ਅਮਰਜੀਤ ਕੌਰ, ਸੀਵਰੇਜ ਬੋਰਡ ਕਾਮਿਆਂ ਦੇ ਆਗੂ ਬਲਦੇਵ ਮੰਡੇਰ, ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਆਗੂ ਬਲਵੰਤ ਸਿੰਘ ਬਰਨਾਲਾ ਨੇ ਕਿਹਾ ਕਿ ਮਿਉਂਸਪਲ ਕਾਮਿਆਂ ਦੀ ਹੜਤਾਲ ਕਾਰਨ ਕੂੜਾ ਇਕੱਠਾ ਕਰਨਾ, ਸਟਰੀਟ ਲਾਈਟਾਂ ਦੀ ਮੁਰੰਮਤ, ਪਾਣੀ ਸਪਲਾਈ ਅਤੇ ਸਫ਼ਾਈ ਨਾਲ ਸਬੰਧਤ ਸੇਵਾਵਾਂ ਸਮੇਤ ਹੋਰ ਰੁਟੀਨ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਆਗੂਆਂ ਕਿਹਾ ਕਿ ਮਿਉਂਸਪਲ ਸਫ਼ਾਈ ਕਾਮੇ ਗੰਦ ਢੋਣ ਜਿਹਾ ਕੰਮ, ਆਪਣੀ ਜ਼ਿੰਦਗੀ ਨੂੰ ਜੋਖ਼ਮ ਵਿੱਚ ਪਾਕੇ ਸਭ ਤੋਂ ਖ਼ਤਰਨਾਕ ਹਾਲਤਾਂ ਵਿੱਚ ਕੰਮ ਕਰਦੇ ਹਨ। ਸੀਵਰੇਜ ਦੀ ਸਫ਼ਾਈ ਦਾ ਕੰਮ ਇਨ੍ਹਾਂ ਕਾਮਿਆਂ ਲਈ ਮੌਤ ਨੂੰ ਸੱਦਾ ਦੇਣ ਸਮਾਨ ਹੀ ਹੁੰਦਾ ਹੈ। ਸੁਪਰੀਮ ਕੋਰਟ ਦੀਆਂ ਇਨ੍ਹਾਂ ਸਫ਼ਾਈ ਕਾਮਿਆਂ ਪ੍ਰਤੀ ਸਪੱਸ਼ਟ ਹਦਾਇਤਾਂ ਹਨ ਕਿ ਇਨ੍ਹਾਂ ਨੂੰ ਠੇਕੇਦਾਰੀ ਪ੍ਰਥਾ ਅਧੀਨ ਨਹੀਂ ਰੱਖਿਆ ਜਾ ਸਕਦਾ। ਇਸ ਦੇ ਬਾਵਜੂਦ ਪਰ 15 ਲੱਖ ਦੀ ਗਿਣਤੀ ਵਿੱਚ ਸਫ਼ਾਈ ਕਾਮੇ ਨਿਗੂਣੀਆਂ ਤਨਖ਼ਾਹਾਂ ਤੇ ਠੇਕੇਦਾਰੀ ਪ੍ਰਥਾ ਅਧੀਨ ਕੰਮ ਕਰਨ ਲਈ ਮਜ਼ਬੂਰ ਹਨ। ਲੋਕ ਸਭਾ ਵਿੱਚ ਪੇਸ਼ ਅੰਕੜਿਆਂ ਮੁਤਾਬਕ ਪਿਛਲੇ 9 ਸਾਲਾਂ ਵਿੱਚ 622 ਸਫ਼ਾਈ ਕਾਮਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ 58 ਪ੍ਰੀਵਾਰ ਅਜਿਹੇ ਹਨ, ਜਿਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਨ੍ਹਾਂ ਮਿਉਂਸਪਲ ਕਾਮਿਆਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨਾਲ ਸ਼ਹਿਰਾਂ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਹੈ। ਥਾਂ ਥਾਂ ਕੂੜੇ ਦੇ ਢੇਰ ਲੱਗ ਗਏ ਹਨ ਅਤੇ ਗੰਭੀਰ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਭਰਾਤਰੀ ਹਮਾਇਤ ਦਿੰਦਿਆਂ ਆਗੂਆਂ ਨੇ ਮਿਉਂਸਪਲ ਕਾਮਿਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕੀਤੀ ਤੇ ਮੰਗ ਕੀਤੀ ਕਿ ਇਨ੍ਹਾਂ ਕਾਮਿਆਂ ਦੇ ਹੱਕੀ ਅਤੇ ਜਾਇਜ ਮੰਗਾਂ ਪ੍ਰਵਾਨ ਕੀਤੀਆਂ ਜਾਣ। ਆਗੂਆਂ ਨੇ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਇਨ੍ਹਾਂ ਮਿਉਂਸਪਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਮਿਉਂਸਪਲ ਕਾਮਿਆਂ ਦੇ ਆਗੂ ਮੰਗਤ ਰਾਮ ਨੇ ਭਰਾਤਰੀ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਸਹਿਯੋਗ ਕਰਨ ਲਈ ਧੰਨਵਾਦ ਕੀਤਾ।