ਬਰਨਾਲਾ ’ਚ ਵਕੀਲਾਂ ਨੇ ਹੜ੍ਹਤਾਲ ਕਰਕੇ ਕੰਮਕਾਜ ਕੀਤਾ ਬੰਦ
ਬਰਨਾਲਾ ’ਚ ਵਕੀਲਾਂ ਨੇ ਹੜ੍ਹਤਾਲ ਕਰਕੇ ਕੰਮਕਾਜ ਕੀਤਾ ਬੰਦ
Publish Date: Tue, 05 May 2026 05:51 PM (IST)
Updated Date: Wed, 06 May 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜਲਾਲਾਬਾਦ ’ਚ ਇੱਕ ਵਕੀਲ ’ਤੇ ਹੋਏ ਪੁਲਿਸ ਹਮਲੇ ਦੇ ਵਿਰੋਧ ’ਚ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਜਿਲ੍ਹਾ ਪ੍ਰਧਾਨ ਪੰਕਜ ਬਾਂਸਲ ਦੀ ਅਗਵਾਈ ਹੇਠ ਸੂਬਾ ਸੱਦੇ ’ਤੇ ਮੰਗਲਵਾਰ ਨੂੰ ਹੜ੍ਹਤਾਲ ਕਰਦਿਆਂ ਆਪਣਾ ਕੰਮਕਾਜ ਬੰਦ ਰੱਖਿਆ ਗਿਆ। ਇਸ ਮੌਕੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਬਾਂਸਲ ਨੇ ਦੱਸਿਆ ਕਿ ਜਲਾਲਾਬਾਦ ਵਿਖੇ ਪੁਲਿਸ ਅਧਿਕਾਰੀਆਂ ਦੁਆਰਾ ਸਾਡੇ ਸਾਥੀ ਵਕੀਲਾਂ ਤੇ ਕੀਤੇ ਗਏ ਬਹੁਤ ਹੀ ਨਿੰਦਣਯੋਗ, ਬਿਨਾਂ ਕਿਸੇ ਭੜਕਾਹਟ ਤੇ ਬੇਰਹਿਮ ਹਮਲੇ ਤੇ ਚਰਚਾ ਕਰਨ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.), ਬਰਨਾਲਾ ਦੀ ਐਡਹਾਕ ਕਮੇਟੀ ਦੀ ਇੱਕ ਐਮਰਜੈਂਸੀ ਮੀਟਿੰਗ ’ਚ ਇਸ ਰੋਸ ਵਜੋਂ ਹੜ੍ਹਤਾਲ ਕੀਤੀ ਗਈ ਹੈ। ਉਨ੍ਹਾਂ ਆਪਣਾ ਡੂੰਘਾ ਰੋਸ ਪ੍ਰਗਟ ਕਰਕਦਿਆਂ ਪੁਲਿਸ ਅਧਿਕਾਰੀਆਂ ਦੁਆਰਾ ਇਸ ਧੱਕੇਸ਼ਾਹੀ ਤੇ ਸ਼ਕਤੀ ਦੀ ਦੁਰਵਰਤੋਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਲਾਲਾਬਾਦ ਦੇ ਕਾਨੂੰਨੀ ਭਾਈਚਾਰੇ ਤੇ ਇਸ ਘਟਨਾ ’ਚ ਜ਼ਖਮੀ ਹੋਏ ਤੇ ਅਪਮਾਨਿਤ ਹੋਏ ਵਕੀਲਾਂ ਨਾਲ ਪੂਰੀ ਖੜ੍ਹੇ ਹਨ। ਇਸ ਅੱਤਿਆਚਾਰ ਦੇ ਵਿਰੋਧ ’ਚ ਤੇ ਪੁਲਿਸ ਅਧਿਕਾਰੀਆਂ ਵਿਰੁੱਧ ਤੁਰੰਤ, ਸਖ਼ਤ ਕਾਨੂੰਨੀ ਤੇ ਅਨੁਸ਼ਾਸਨੀ ਕਾਰਵਾਈ ਦੀ ਮੰਗ ਕਰਨ ਲਈ ਸਟੇਟ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ ਰਾਜ ਪੱਧਰੀ ਸੱਦੇ ਦੇ ਅਨੁਸਾਰ, ਜ਼ਿਲ੍ਹਾ ਬਾਰ ਐਸੋਸੀਏਸ਼ਨ, ਬਰਨਾਲਾ ਨੇ ਸਰਬਸੰਮਤੀ ਨਾਲ ਹੇਠ ਲਿਖਿਆ ਮਤਾ ਪਾਸ ਕੀਤਾ ਹੈ। ਜਿਸ ਦੀ ਉਹ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਮਾਂ ਵਕੀਲਾਂ ਨੂੰ ਇਨਸਾਫ਼ ਨਹੀਂ ਮਿਲਦਾ ਹੈ ਉਨ੍ਹਾਂ ਸਮਾਂ ਸੂਬਾ ਸੱਦੇ ’ਤੇ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਵਲੋਂ ਹੜ੍ਹਤਾਲ ਕਰਕੇ ਕੰਮਕਾਜ ਠੱਪ ਰੱਖਿਆ ਜਾਵੇਗਾ। ਇਸ ਮੌਕੇ ਸਮੂਹ ਵਕੀਲ ਭਾਈਚਾਰਾ ਹਾਜ਼ਰ ਸੀ।