ਲੈਬਾਰਟਰੀ ਸਟਾਫ਼ ਯੂਨੀਅਨ ਨੇ ਵਿੱਤ ਮੰਤਰੀ ਦਫ਼ਤਰ ਘੇਰਿਆ
ਲੈਬਾਰਟਰੀ ਸਟਾਫ਼ ਯੂਨੀਅਨ ਨੇ ਵਿੱਤ ਮੰਤਰੀ ਦਫਤਰ ਘੇਰਿਆ
Publish Date: Wed, 27 May 2026 06:17 PM (IST)
Updated Date: Wed, 27 May 2026 06:19 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ ਦਿੜ੍ਹਬਾ : ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਸਾਹਮਣੇ ਸੰਕੇਤਕ ਧਰਨਾ ਲਾਇਆ ਗਿਆ। ਇਸ ਮੌਕੇ ਪਤਵੰਤ ਸਿੰਘ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਐੱਸਐੱਲਏ ਕਰਮਚਾਰੀਆਂ ਦੀ ਸਾਲ 2011 ਤੋਂ ਸਾਲ 2020 ਦੇ ਰੂਲਾਂ ਤੋਂ ਪਹਿਲਾਂ ਟੁੱਟੀ ਹੋਈ ਪੇ ਪੈਰਿਟੀ, ਜਿਸ ਨੂੰ ਉਸ ਸਮੇਂ ਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਦੇ ਵੱਖ- ਵੱਖ ਕੇਡਰਾਂ ਵਿਚ ਆਪਸੀ ਦਰਾੜ ਪਾਉਣ ਲਈ ਜਾਣਬੁੱਝ ਕੇ ਤੋੜਿਆ ਗਿਆ ਸੀ। ਜਿਸ ਨਾਲ ਹਰੇਕ ਐੱਸਐੱਲਏ ਕਰਮਚਾਰੀ ਆਪਣੇ ਬਰਾਬਰਤਾ ਦੇ ਕੇਡਰਾਂ ਨਾਲੋਂ ਹਰ ਮਹੀਨੇ 43 ਫ਼ੀਸਦੀ ਘਾਟੇ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇਸ ਮਹਿੰਗਾਈ ਦੇ ਯੁੱਗ ਵਿਚ ਨਿਗੂਣੇ ਭੱਤੇ ਤੇ ਕੰਮ ਕਰਨ ਲਈ ਮਜਬੂਰ ਹੋ ਰਿਹਾ ਹੈ। ਘੱਟ ਤਨਖਾਹ ਕਾਰਨ ਕਰਮਚਾਰੀ ਜਿੱਥੇ ਮਾਨਸਿਕ ਦਬਾਅ ਵਿਚ ਹਨ, ਉੱਥੇ ਹੀ ਉਹ ਦਿਨੋਂ-ਦਿਨ ਬੈਂਕਾਂ ਦੇ ਕਰਜ਼ੇ ਦਾ ਵੀ ਸ਼ਿਕਾਰ ਹੋ ਰਹੇ ਹਨ। ਕਿਸੇ ਵੀ ਸਰਕਾਰ ਨੇ ਐੱਸਐੱਲਏ ਕਰਮਚਾਰੀਆਂ ਦੀ ਸਾਰ ਨਹੀਂ ਲਈ। ਜਿਸ ਦਾ ਸਮੁੱਚੇ ਐੱਸਐੱਲਏ ਕਰਮਚਾਰੀਆਂ ਵਿਚ ਬਹੁਤ ਰੋਸ ਹੈ। ਆਪਣੀ ਇਸ ਟੁੱਟੀ ਹੋਈ ਪੇ ਪੈਰਿਟੀ ਨੂੰ ਬਹਾਲ ਕਰਵਾਉਣ ਲਈ ਅਤੇ ਐੱਸਐੱਲਏ ਦੀ ਪੋਸਟ ਦਾ ਨਾਮ ਸੀਨੀਅਰ ਲੈਬਾਰਟਰੀ ਅਟੈਂਡਟ ਤੋਂ ਸੀਨੀਅਰ ਲੈਬਾਰਟਰੀ ਅਸਿਸਟੈਂਟ ਕੀਤਾ ਜਾਵੇ। ਜਥੇਬੰਦੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਆਪਣੇ ਸੰਘਰਸ਼ ਰਾਹੀਂ ਘੇਰਨ ਲਈ ਵਿਸ਼ਾਲ ਇਕੱਠ ਕਰ ਕੇ ਉਨ੍ਹਾਂ ਦੇ ਦਫ਼ਤਰ ਅੱਗੇ ਸੰਕੇਤਕ ਧਰਨਾ ਲਾਇਆ ਗਿਆ। ਇਸ ਮੌਕੇ ਸੂਬਾ ਵਿੱਤ ਸਕੱਤਰ ਸੁਖਮਿੰਦਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਪੰਕਜ ਸਪਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਦਿਲਪ੍ਰੀਤ ਸਿੰਘ ਭਿੰਡਰ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਸੂਬਾ ਮੀਤ ਪ੍ਰਧਾਨ ਯੋਗੇਸ਼ ਕੌੜਾ, ਸੂਬਾ ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਸੂਬਾ ਪ੍ਰੈੱਸ ਸਕੱਤਰ ਪਰਮਜੀਤ ਕੁਮਾਰ, ਸੂਬਾ ਮੁੱਖ ਬੁਲਾਰਾ ਹਰਜੀਤ ਸਿੰਘ ਰੋਪੜ, ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਪਰਦੀਪ ਸਿੰਘ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਜਲੰਧਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਵਿਕਾਸ ਅਗਰਵਾਲ ਆਦਿ ਮੌਜੂਦ ਸਨ।