ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭੁੱਖ ਹੜਤਾਲ ਕੀਤੀ ਖਤਮ
ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਭੁੱਖ ਹੜਤਾਲ ਕੀਤੀ ਖਤਮ
Publish Date: Wed, 06 May 2026 06:33 PM (IST)
Updated Date: Wed, 06 May 2026 06:35 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ ਬਰਨਾਲਾ : ਪਿਛਲੇ ਕੁੱਝ ਸਮੇਂ ਤੋਂ ਚੱਲ ਰਿਹਾ ਸਿਆਸੀ ਅਤੇ ਪ੍ਰਸ਼ਾਸਨਿਕ ਖਿੱਚੋਤਾਣ ਉਸ ਵੇਲੇ ਸੁਖਾਵੇਂ ਮੋੜ ’ਤੇ ਖ਼ਤਮ ਹੋਇਆ, ਜਦੋਂ ਪੁਲਿਸ ਪ੍ਰਸ਼ਾਸਨ ਨੇ ਕਾਂਗਰਸੀ ਆਗੂਆਂ ਦੇ ਰੋਸ ਨੂੰ ਦੇਖਦਿਆਂ ਮਾਮਲੇ ਦੀ ਪਾਰਦਰਸ਼ੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕਰ ਦਿੱਤਾ। ਇਸ ਭਰੋਸੇ ਤੋਂ ਬਾਅਦ ਕੋਰਟ ਕੰਪਲੈਕਸ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣਾ ਪ੍ਰਦਰਸ਼ਨ ਵਾਪਸ ਲੈ ਲਿਆ। ਸਵੇਰੇ 10 ਵਜੇ ਜਦੋਂ ਹਲਕਾ ਵਿਧਾਇਕ ਕਾਲਾ ਢਿੱਲੋਂ ਆਪਣੇ ਸਾਥੀਆਂ ਸਮੇਤ ਭੁੱਖ ਹੜਤਾਲ ਤੇ ਬੈਠੇ, ਤਾਂ ਇਲਾਕੇ ’ਚ ਸਿਆਸੀ ਤਣਾਅ ਵਧਣ ਦਾ ਖਦਸ਼ਾ ਸੀ। ਕਾਂਗਰਸੀ ਆਗੂਆਂ ਦੀ ਮੰਗ ਸੀ ਕਿ ਉਨ੍ਹਾਂ ਵਿਰੁੱਧ ਦਰਜ ਐੱਫਆਈਆਰ ਨੂੰ ਤੁਰੰਤ ਰੱਦ ਕੀਤਾ ਜਾਵੇ। ਸਥਿਤੀ ਨੂੰ ਸੰਭਾਲਦਿਆਂ ਐੱਸਪੀਡੀ ਅਸ਼ੋਕ ਸ਼ਰਮਾ ਨੇ ਖੁਦ ਮੌਕੇ ’ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜਮਹੂਰੀ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਆਗੂਆਂ ਨੂੰ ਯਕੀਨ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਕਿਸੇ ਵੀ ਪੱਖਪਾਤ ਤੋਂ ਬਿਨਾਂ ਕੰਮ ਕਰਨ ਲਈ ਵਚਨਬੱਧ ਹੈ। ਐੱਸਪੀਡੀ ਅਸ਼ੋਕ ਸ਼ਰਮਾ ਨੇ ਐਲਾਨ ਕੀਤਾ ਕਿ ਇਸ ਪੂਰੇ ਘਟਨਾਕ੍ਰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਇੱਕ ਵਿਸ਼ੇਸ਼ ਜਾਂਚ ਟੀਮ (ਸਿੱਟ) ਬਣਾਈ ਗਈ ਹੈ। ਉਨ੍ਹਾਂ ਵਿਧਾਇਕ ਨੂੰ ਭਰੋਸਾ ਦਿੱਤਾ ਕਿ ਇਹ ਟੀਮ ਇੱਕ ਹਫਤੇ ਦੇ ਅੰਦਰ-ਅੰਦਰ ਤੱਥਾਂ ਦੇ ਆਧਾਰ ’ਤੇ ਆਪਣੀ ਰਿਪੋਰਟ ਪੇਸ਼ ਕਰੇਗੀ। ਪੁਲਿਸ ਅਧਿਕਾਰੀ ਦੇ ਇਸ ਤਰਕਪੂਰਨ ਅਤੇ ਸਕਾਰਾਤਮਕ ਰਵੱਈਏ ਨੂੰ ਦੇਖਦਿਆਂ ਵਿਧਾਇਕ ਢਿੱਲੋਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਫੈਸਲਾ ਕੀਤਾ। ਪ੍ਰਸ਼ਾਸਨ ਦੇ ਇਸ ਕਦਮ ਦੀ ਸਿਆਸੀ ਹਲਕਿਆਂ ’ਚ ਸ਼ਲਾਘਾ ਕੀਤੀ ਜਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਐੱਸਆਈਟੀ ਦਾ ਗਠਨ ਨਾ ਸਿਰਫ਼ ਪੁਲਿਸ ਦੀ ਕਾਰਜਪ੍ਰਣਾਲੀ ’ਚ ਪਾਰਦਰਸ਼ਤਾ ਲਿਆਏਗਾ। ਸਗੋਂ ਜਨਤਾ ਦਾ ਪ੍ਰਸ਼ਾਸਨ ’ਤੇ ਵਿਸ਼ਵਾਸ ਵੀ ਵਧਾਏਗਾ। ਵਿਧਾਇਕ ਕਾਲਾ ਢਿੱਲੋਂ ਨੇ ਭੁੱਖ ਹੜਤਾਲ ਖ਼ਤਮ ਕਰਦਿਆਂ ਕਿਹਾ ਕਿ ਉਹ ਸੱਚ ਦੀ ਜਿੱਤ ਚਾਹੁੰਦੇ ਹਨ ਅਤੇ ਐੱਸਆਈਟੀ ਦੀ ਜਾਂਚ ਰਾਹੀਂ ਸਭ ਸਾਹਮਣੇ ਆ ਜਾਵੇਗਾ।