ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਾਇਆ ਲੋਕ ਸੇਵਾ ਕੈਂਪ : ਡੀਸੀ
ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਪਿੰਡ ਢਿੱਲਵਾਂ ’ਚ ਲਾਇਆ ਲੋਕ ਸੇਵਾ ਕੈਂਪ: ਡੀਸੀ
Publish Date: Wed, 20 May 2026 03:48 PM (IST)
Updated Date: Wed, 20 May 2026 03:52 PM (IST)

- ਸੈਂਕੜੇ ਵਿਅਕਤੀਆਂ ਨੇ ਲਿਆ ਲਾਭ, ਮੁਫ਼ਤ ਐਨਕਾਂ ਤੇ ਦਵਾਈਆਂ ਦਿੱਤੀਆਂ ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਡਿਪਟੀ ਕਮਿਸ਼ਨਰ ਸਹਿਤ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਦੇ ਨਿਰਦੇਸ਼ਾਂ ਤਹਿਤ ਹਫ਼ਤਾਵਰੀ ਲੋਕ ਸੇਵਾ ਕੈਂਪਾਂ ਦੀ ਲੜੀ ਤਹਿਤ ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਕੈਂਪ ਲਾਇਆ ਗਿਆ। ਜਿਸ ’ਚ ਵੱਡੀ ਗਿਣਤੀ ਇਲਾਕਾ ਵਾਸੀਆਂ ਨੇ ਪੁੱਜ ਕੇ ਲਾਭ ਲਿਆ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਸਿਹਤ ਸੇਵਾਵਾਂ ਖਾਸ ਕਰਕੇ ਅੱਖਾਂ ਦੀ ਸਕਰੀਨਿੰਗ, ਜਨਰਲ ਸਿਹਤ ਜਾਂਚ ਅਤੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਘਰਾਂ ਦੇ ਨੇੜੇ ਮੁਹਈਆ ਕਰਾਉਣ ਲਈ ਪਿੰਡਾਂ ’ਚ ਲੋਕ ਸੇਵਾ ਕੈਂਪਾਂ ਦੀ ਪਹਿਲਕਦਮੀ ਕੀਤੀ ਗਈ ਹੈ। ਪਹਿਲਾ ਕੈਂਪ 9 ਮਈ ਨੂੰ ਪਿੰਡ ਕਰਮਗੜ੍ਹ ’ਚ ਲਾਇਆ ਗਿਆ ਸੀ ਜਿਸ ’ਚ ਸੈਂਕੜੇ ਵਿਅਕਤੀਆਂ ਨੇ ਸਿਹਤ ਸੇਵਾਵਾਂ ਅਤੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਦਾ ਲਾਭ ਲਿਆ। ਅਗਲਾ ਕੈਂਪ ਪਿੰਡ ਕਾਲੇਕੇ ਤੇ ਅੱਜ ਤੀਜਾ ਕੈਂਪ ਪਿੰਡ ਢਿੱਲਵਾਂ ’ਚ ਲਾਇਆ ਗਿਆ। ਪਿੰਡ ਢਿੱਲਵਾਂ ’ਚ ਅੱਖਾਂ ਦੀ ਸਕਰੀਨਿੰਗ, ਮੁਫ਼ਤ ਐਨਕਾਂ, ਮੁਫ਼ਤ ਦਵਾਈਆਂ ਤੋਂ ਇਲਾਵਾ ਸੇਵਾ ਕੇਂਦਰ ਦੀਆਂ ਸੇਵਾਵਾਂ ਲਈ ਅਪਲਾਈ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਸਕੱਤਰ ਸਰਵਣ ਸਿੰਘ ਨੇ ਦੱਸਿਆ ਕਿ ਅੱਜ ਦੇ ਕੈਂਪ ’ਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਸਿਹਤ ਸੇਵਾਵਾਂ ਅਤੇ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲਈਆਂ। ਇਸ ਮੌਕੇ ਗੁਰਜੰਟ ਸਿੰਘ ਵਾਸੀ ਢਿੱਲਵਾਂ ਨੇ ਦੱਸਿਆ ਕਿ ਉਸਨੇ ਕਿਰਤ ਵਿਭਾਗ ਦੇ ਕਾਰਡ ਲਈ ਅਪਲਾਈ ਕੀਤਾ ਹੋਇਆ ਸੀ ਅਤੇ ਅੱਜ ਇਸ ਕੈਂਪ ’ਚ ਉਸਦਾ ਲੇਬਰ ਕਾਰਡ ਬਣ ਗਿਆ। ਉਨ੍ਹਾਂ ਕਿਹਾ ਕਿ ਇਹ ਕੈਂਪ ਪਿੰਡਾਂ ਦੇ ਲੋਕਾਂ ਲਈ ਬਹੁਤ ਚੰਗਾ ਉਪਰਾਲਾ ਹਨ ਕਿਉੰਕਿ ਪਿੰਡਾਂ ਦੇ ਲੋਕਾਂ ਨੂੰ ਦੂਰ ਦੁਰਾਡੇ ਕੰਮ ਕਰਵਾਉਣ ਜਾਣ ’ਚ ਦਿੱਕਤ ਪੇਸ਼ ਆਉਂਦੀ ਹੈ। ਓਸਨੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਉਪਰਾਲੇ ਲਈ ਧੰਨਵਾਦ ਕੀਤਾ।