ਤਪਾ ਦੇ ਵਾਰਡ-5 ਤੋਂ ਆਜ਼ਾਦ ਉਮੀਦਵਾਰ ਸਰਸਵਤੀ ਦੇਵੀ ਦੀ ਸ਼ਾਨਦਾਰ ਜਿੱਤ
ਤਪਾ ਦੇ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਸਰਸਵਤੀ ਦੇਵੀ ਦੀ ਸ਼ਾਨਦਾਰ ਜਿੱਤ
Publish Date: Sat, 30 May 2026 05:38 PM (IST)
Updated Date: Sun, 31 May 2026 04:02 AM (IST)

ਸੱਤਾਧਾਰੀ ਧਿਰ ਆਪ ਦੀ ਉਮੀਦਵਾਰ ਡਾ. ਸੋਨਿਕਾ ਬਾਂਸਲ ਨੂੰ ਹਰਾਕੇ ਬਣੀ ਕੌਂਸਲਰ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਨਗਰ ਕੌਂਸਲ ਚੋਣਾਂ ਦੇ ਐਲਾਨੇ ਗਏ ਚੋਣ ਨਤੀਜਿਆਂ ’ਚ ਵਾਰਡ-5 ਤੋਂ ਇੱਕ ਬਹੁਤ ਹੀ ਦਿਲਚਸਪ ਤੇ ਵੱਡਾ ਸਿਆਸੀ ਉਲਟਫੇਰ ਦੇਖਣ ਨੂੰ ਮਿਲਿਆ ਹੈ। ਇਸ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰੀ ਸਰਸਵਤੀ ਦੇਵੀ ਗੁਪਤਾ ਨੇ ਸੱਤਾਧਿਰ ਦੀ ਮਜ਼ਬੂਤ ਉਮੀਦਵਾਰ ਡਾ. ਸੋਨਿਕਾ ਬਾਂਸਲ ਨੂੰ ਕਰਾਰੀ ਹਾਰ ਦਿੰਦਿਆਂ ਇਕ ਇਤਿਹਾਸਕ ਜਿੱਤ ਦਰਜ ਕੀਤੀ ਹੈ। ਸਰਸਵਤੀ ਦੇਵੀ ਉੱਘੇ ਸਥਾਨਕ ਉਦਯੋਗਪਤੀ ਸੰਜੂ ਗੁਪਤਾ ਦੀ ਮਾਤਾ ਹਨ। ਇਸ ਵਾਰਡ ’ਚ ਚੋਣ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਹੀ ਭਾਰੀ ਉਤਸੁਕਤਾ ਬਣੀ ਹੋਈ ਸੀ। ਜੇਕਰ ਚੋਣ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਮੁਕਾਬਲਾ ਕਾਫ਼ੀ ਸਰਗਰਮ ਰਿਹਾ। ਸੱਤਾਧਾਰੀ ਧਿਰ ਆਪ ਦੀ ਉਮੀਦਵਾਰ ਡਾ. ਸੋਨਿਕਾ ਬਾਂਸਲ ਨੂੰ ਕੁੱਲ 460 ਵੋਟਾਂ ਹਾਸਲ ਹੋਈਆਂ, ਜਦੋਂਕਿ ਦੂਜੇ ਪਾਸੇ ਵਾਰਡ ਦੇ ਲੋਕਾਂ ਨੇ ਆਜ਼ਾਦ ਚਿਹਰੇ ’ਤੇ ਵੱਡਾ ਭਰੋਸਾ ਜਤਾਉਂਦਿਆਂ ਸਰਸਵਤੀ ਦੇਵੀ ਦੇ ਪੱਖ ’ਚ 529 ਵੋਟਾਂ ਪਾਈਆਂ। ਅੰਤਿਮ ਨਤੀਜਿਆਂ ਮੁਤਾਬਕ ਸਰਸਵਤੀ ਦੇਵੀ ਨੇ ਆਪਣੀ ਵਿਰੋਧੀ ਉਮੀਦਵਾਰ ਡਾ. ਬਾਂਸਲ ਨੂੰ 75 ਵੋਟਾਂ ਦੇ ਸਪੱਸ਼ਟ ਤੇ ਵੱਕਾਰੀ ਫਰਕ ਨਾਲ ਪਛਾੜ ਕੇ ਕੌਂਸਲਰ ਦੀ ਕੁਰਸੀ ’ਤੇ ਕਬਜ਼ਾ ਜਮਾਇਆ। ਜਿੱਤ ਦਾ ਰਸਮੀ ਐਲਾਨ ਹੁੰਦੇ ਹੀ ਪੂਰੇ ਇਲਾਕੇ ’ਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਇਤਿਹਾਸਕ ਸਫਲਤਾ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਵਾਰਡ ਵਾਸੀਆਂ ਦਾ ਇਕ ਬਹੁਤ ਵੱਡਾ ਹਜੂਮ ਸੜਕਾਂ ’ਤੇ ਉਤਰ ਆਇਆ। ਸਮਰਥਕਾਂ ਵੱਲੋਂ ਜੇਤੂ ਉਮੀਦਵਾਰ ਦੇ ਹੱਕ ਵਿਚ ਇਕ ਵਿਸ਼ਾਲ ਵਿਕਟਰੀ ਮਾਰਚ (ਜੇਤੂ ਪ੍ਰਦਰਸ਼ਨ ਰਾਉਂਡ) ਕੱਢਿਆ ਗਿਆ, ਜਿਸ ’ਚ ਹਜ਼ਾਰਾਂ ਦੀ ਗਿਣਤੀ ਚ ਸਥਾਨਕ ਲੋਕ ਸਵੈ-ਇੱਛਾ ਨਾਲ ਸ਼ਾਮਲ ਹੋਏ। :ਬਾਕਸ ਨਿਊਜ: ਵਾਰਡ ਵਾਸੀਆਂ ਨੇ ਭੰਗੜਾ ਪਾ ਕੇ ਤੇ ਗੁਲਾਲ ਨਾਲ ਮਨਾਇਆ ਜਸ਼ਨ ਇਸ ਦੌਰਾਨ ਨੌਜਵਾਨਾਂ ਨੇ ਢੋਲ ਦੀ ਥਾਪ ’ਤੇ ਜ਼ੋਰਦਾਰ ਭੰਗੜੇ ਪਾਏ ਤੇ ਸਮਰਥਕਾਂ ਨੇ ਇਕ-ਦੂਜੇ ’ਤੇ ਗੁਲਾਲ (ਰੰਗੋਲੀ) ਉਡਾ ਕੇ ਚੋਣ ਜਿੱਤ ਦਾ ਜਸ਼ਨ ਮਨਾਇਆ। ਇਸ ਮਾਰਚ ’ਚ ਔਰਤਾਂ, ਬਜ਼ੁਰਗਾਂ ਤੇ ਬੱਚਿਆਂ ਦੀ ਭਾਰੀ ਸ਼ਮੂਲੀਅਤ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਨਵ-ਨਿਯੁਕਤ ਕੌਂਸਲਰ ਸਰਸਵਤੀ ਦੇਵੀ ਨੇ ਭਾਵੁਕ ਲਹਿਜੇ ’ਚ ਕਿਹਾ ਵਾਰਡ ਦੇ ਲੋਕਾਂ ਨੇ ਮੈਨੂੰ ਵੋਟਾਂ ਨਹੀਂ, ਬਲਕਿ ਆਪਣਾ ਆਸ਼ੀਰਵਾਦ ਤੇ ਇਕ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਮੈਂ ਚੋਣਾਂ ਦੌਰਾਨ ਵਾਰਡ ਵਾਸੀਆਂ ਨਾਲ ਕੀਤੇ ਇਕ-ਇਕ ਵਾਅਦੇ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗੀ। ਦੂਜੇ ਪਾਸੇ, ਉਨ੍ਹਾਂ ਦੇ ਪੁੱਤਰ ਤੇ ਉਦਯੋਗਪਤੀ ਸੰਜੂ ਗੁਪਤਾ ਨੇ ਸਮੂਹ ਵੋਟਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਪਣੀ ਮਾਤਾ ਨੂੰ ਮਿਲੇ ਇਸ ਭਰਵੇਂ ਸਮਰਥਨ ਲਈ ਸਮੁੱਚੇ ਤਪਾ ਮੰਡੀ ਦੇ ਵਾਰਡ-5 ਦੇ ਨਿਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ।