ਪੀਆਰਟੀਸੀ ਮੁਲਾਜ਼ਮਾਂ ਦੀ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ ਕਰਾਂਗੇ ਹੜਤਾਲ
ਮੰਗਾਂ ਨਾ ਮੰਨੀਆਂ ਤਾਂ 25–27 ਮਈ ਨੂੰ ਸੂਬਾ ਪੱਧਰੀ ਹੜਤਾਲ —
Publish Date: Wed, 20 May 2026 05:30 PM (IST)
Updated Date: Wed, 20 May 2026 05:31 PM (IST)

- :ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਦਿੱਤਾ ਮੰਗ ਪੱਤਰ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਡਿਪੂ ਬਰਨਾਲਾ ਵੱਲੋਂ ਆਪਣੇ ਹੱਕਾਂ ਲਈ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਜਨਰਲ ਸਕੱਤਰ ਸੁਖਪਾਲ ਸਿੰਘ ਦੀ ਅਗਵਾਈ ਹੇਠ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੂੰ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮ ਅਣਡਿੱਠੇ ਹੋ ਰਹੇ ਹਨ ਅਤੇ ਵਿਭਾਗ ’ਚ ਚੱਲ ਰਹੀਆਂ ਨੀਤੀਆਂ ਕਾਰਨ ਮੁਲਾਜ਼ਮਾਂ ਅਤੇ ਯਾਤਰੀਆਂ ਦੋਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਮੰਗ ਕੀਤੀ ਕਿ ਪੀਆਰਟੀਸੀ ’ਚ ਲਾਗੂ ਕੀਤੀ ਗਈ 1 ਕਿਲੋਮੀਟਰ ਸਕੀਮ ਨੂੰ ਤੁਰੰਤ ਰੱਦ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪੱਕਾ ਕੀਤਾ ਜਾਵੇ ਅਤੇ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ। ਆਗੂਆਂ ਨੇ ਕਿਹਾ ਕਿ ਬੱਸਾਂ ਦੀ ਘਾਟ ਅਤੇ ਪੁਰਾਣੇ ਵਾਹਨਾਂ ਕਾਰਨ ਸੇਵਾ ਪ੍ਰਭਾਵਿਤ ਹੋ ਰਹੀ ਹੈ, ਇਸ ਲਈ ਨਵੀਆਂ ਬੱਸਾਂ ਦੀ ਤੁਰੰਤ ਖਰੀਦ ਕੀਤੀ ਜਾਵੇ ਤਾਂ ਜੋ ਯਾਤਰੀਆਂ ਨੂੰ ਵਧੀਆ ਸਹੂਲਤ ਮਿਲ ਸਕੇ ਅਤੇ ਸਰਕਾਰੀ ਟ੍ਰਾਂਸਪੋਰਟ ਨੂੰ ਮਜ਼ਬੂਤ ਕੀਤਾ ਜਾ ਸਕੇ। ਯੂਨੀਅਨ ਨੇ ਇਹ ਵੀ ਮੰਗ ਰੱਖੀ ਕਿ ਸੰਗਰੂਰ ਜੇਲ੍ਹ ਵਿੱਚ ਬੰਦ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਉੱਪਰ ਦਰਜ ਨਾਜਾਇਜ਼ ਪਰਚੇ ਰੱਦ ਕਰ ਕੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਮਹਿੰਗਾਈ ਦੇ ਮੱਦੇਨਜ਼ਰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ, ਡਿਊਟੀ ਘੰਟਿਆਂ ਦੀ ਵਿਵਸਥਾ, ਪੈਨਸ਼ਨ ਸਕੀਮ ਦੀ ਬਹਾਲੀ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਢੰਗ ਦੀਆਂ ਨੀਤੀਆਂ ਬਣਾਉਣ ਦੀ ਮੰਗ ਵੀ ਰੱਖੀ ਗਈ। ਆਗੂਆਂ ਨੇ ਕਿਹਾ ਕਿ ਸਰਕਾਰੀ ਟਰਾਂਸਪੋਰਟ ਨੂੰ ਨਿੱਜੀਕਰਨ ਵੱਲ ਧੱਕਣ ਵਾਲੀਆਂ ਨੀਤੀਆਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਨਾਲ ਮੁਲਾਜ਼ਮਾਂ ਦੀ ਰੋਜ਼ੀ-ਰੋਟੀ ਅਤੇ ਆਮ ਲੋਕਾਂ ਦੀ ਸਸਤੀ ਯਾਤਰਾ ਸੇਵਾ ਖਤਰੇ ਵਿੱਚ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ 25, 26 ਅਤੇ 27 ਮਈ 2026 ਨੂੰ ਸੂਬਾ ਪੱਧਰੀ ਹੜਤਾਲ ਕਰ ਕੇ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਅੱਗੇ ਵੱਡਾ ਧਰਨਾ ਪ੍ਰਦਰਸ਼ਨ ਕਰੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਯੂਨੀਅਨ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਡਿੱਠਾ ਨਹੀਂ ਕੀਤਾ ਜਾ ਸਕਦਾ ਅਤੇ ਜੇ ਲੋੜ ਪਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰ ਜਥੇਬੰਦੀ ਨਾਲ ਸੰਬੰਧਿਤ ਮੁਲਾਜ਼ਮ ਵੀ ਹਾਜ਼ਰ ਸਨ।