ਉਮੀਦਵਾਰਾਂ ਤੇ ਪਾਰਟੀਆਂ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ : ਡੀਸੀ
ਨਗਰ ਨਿਗਮ/ਨਗਰ ਕੌਂਸਲ ਚੋਣਾਂ--ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼
Publish Date: Fri, 15 May 2026 05:52 PM (IST)
Updated Date: Sat, 16 May 2026 04:04 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਰਾਜ ਚੋਣ ਕਮਿਸ਼ਨ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਪੋਰੇਸ਼ਨਾਂ/ਨਗਰ ਕੌਂਸਲਾਂ/ਨਗਰ ਪੰਚਾਇਤਾਂ 2026 ਦੀਆਂ ਚੋਣਾਂ 26 ਮਈ ਦਿਨ ਮੰਗਲਵਾਰ ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣਾਂ ਦੇ ਐਲਾਨ ਨਾਲ ਹੀ ਸਬੰਧਤ ਨਗਰ ਨਿਗਮਾਂ/ਨਗਰ ਕੌਂਸਲਾਂ ਦੀ ਹਦੂਦ ਅੰਦਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੌਰਾਨ ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਆਦਰਸ਼ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਚੋਣ ਪ੍ਰਕਿਰਿਆ ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹੀ ਜਾ ਸਕੇ। ਇਨ੍ਹਾਂ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ ਧਰਮ, ਜਾਤ ਜਾਂ ਭਾਈਚਾਰੇ ਦੇ ਆਧਾਰ ਤੇ ਵੋਟਾਂ ਦੀ ਮੰਗ ਨਹੀਂ ਕਰੇਗਾ ਅਤੇ ਨਾ ਹੀ ਕਿਸੇ ਧਾਰਮਿਕ ਸਥਾਨ ਨੂੰ ਚੋਣ ਪ੍ਰਚਾਰ ਲਈ ਵਰਤਿਆ ਜਾਵੇਗਾ। ਕਿਸੇ ਵੀ ਉਮੀਦਵਾਰ ਦੇ ਨਿੱਜੀ ਜੀਵਨ ਸਬੰਧੀ ਅਪ੍ਰਮਾਣਿਤ ਦੋਸ਼ ਜਾਂ ਭੜਕਾਊ ਬਿਆਨਬਾਜ਼ੀ ਕਰਨ ਤੇ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਕੋਈ ਵੀ ਉਮੀਦਵਾਰ, ਓਸਦੇ ਸਮਰਥਕ ਜਾਂ ਵਰਕਰ ਵਲੋਂ ਕਿਸੇ ਵੀ ਸਰਕਾਰੀ ਇਮਾਰਤ ਜਾਂ ਜਾਇਦਾਦ ਤੇ ਬਿਨਾਂ ਮਨਜ਼ੂਰੀ ਦੇ ਹੋਰਡਿੰਗ, ਬੈਨਰ ਜਾਂ ਪੋਸਟਰ ਲਗਾਉਣਾ ਸਖ਼ਤ ਮਨ੍ਹਾ ਹੈ। ਨਿੱਜੀ ਜਾਇਦਾਦ ਤੇ ਬੈਨਰ/ਪੋਸਟਰ ਲਗਾਉਣ ਲਈ ਮਾਲਕ ਦੀ ਲਿਖਤੀ ਇਜਾਜ਼ਤ ਜ਼ਰੂਰੀ ਹੈ, ਜਿਸ ਦੀ ਇੱਕ ਕਾਪੀ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਉਣੀ ਹੋਵੇਗੀ। ਕਿਸੇ ਵੀ ਚੋਣ ਸਮੱਗਰੀ (ਪੋਸਟਰ, ਪੈਂਫਲੈੱਟ, ਆਦਿ) ਤੇ ਛਾਪਕ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਲਿਖਣਾ ਲਾਜ਼ਮੀ ਹੈ। ਉਮੀਦਵਾਰਾਂ ਨੂੰ ਜਨਤਕ ਮੀਟਿੰਗਾਂ, ਜਲੂਸਾਂ ਅਤੇ ਲਾਊਡ ਸਪੀਕਰਾਂ ਦੀ ਵਰਤੋਂ ਲਈ ਸਬੰਧਤ ਅਧਿਕਾਰੀ ਤੋਂ ਪਹਿਲਾਂ ਮਨਜ਼ੂਰੀ ਲੈਣੀ ਲਾਜ਼ਮੀ ਹੋਵੇਗੀ ਅਤੇ ਮਨਜ਼ੂਰੀ ਉਪਰੰਤ ਵੀ ਲਾਊਡ ਸਪੀਕਰ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਹੀ ਵਰਤੇ ਜਾ ਸਕਦੇ ਹਨ। ਆਦਰਸ਼ ਚੋਣ ਜ਼ਾਬਤੇ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਉਮੀਦਵਾਰ ਜਾਂ ਉਸ ਦੇ ਸਮਰਥਕ ਵੋਟਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਲਾਲਚ, ਤੋਹਫ਼ਾ ਜਾਂ ਸ਼ਰਾਬ ਆਦਿ ਨਹੀਂ ਵੰਡਣਗੇ। ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਚੋਣ ਪ੍ਰਚਾਰ ਕਰਨ ਤੇ ਵੀ ਪਾਬੰਦੀ ਰਹੇਗੀ। ਕੋਈ ਵੀ ਉਮੀਦਵਾਰ ਅਜਿਹੀ ਗਤੀਵਿਧੀ ’ਚ ਸ਼ਾਮਲ ਨਹੀਂ ਹੋਵੇਗਾ ਜਿਸ ਨਾਲ ਵੱਖ-ਵੱਖ ਜਾਤਾਂ, ਧਰਮਾਂ ਜਾਂ ਭਾਈਚਾਰਿਆਂ ਵਿਚਕਾਰ ਨਫ਼ਰਤ ਜਾਂ ਤਣਾਅ ਪੈਦਾ ਹੋਵੇ। ਵੋਟਾਂ ਹਾਸਲ ਕਰਨ ਲਈ ਜਾਤੀ, ਧਰਮ ਜਾਂ ਫਿਰਕੂ ਭਾਵਨਾਵਾਂ ਦੇ ਆਧਾਰ ਤੇ ਕੋਈ ਵੀ ਅਪੀਲ ਨਹੀਂ ਕੀਤੀ ਜਾਵੇਗੀ। ਵਿਰੋਧੀ ਉਮੀਦਵਾਰਾਂ ਦੇ ਘਰਾਂ ਅੱਗੇ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਜਾਂ ਧਰਨਾ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਦੂਜੇ ਉਮੀਦਵਾਰਾਂ ਦੀਆਂ ਚੋਣ ਮੀਟਿੰਗਾਂ ’ਚ ਵਿਘਨ ਪਾਉਣਾ ਚੋਣ ਕਾਨੂੰਨ ਤਹਿਤ ਅਪਰਾਧ ਹੈ। ਉਨ੍ਹਾਂ ਸਮੂਹ ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਚੋਣ ਜ਼ਾਬਤੇ ਦੀ ਪਾਲਣਾ ਕਰਦੇ ਹੋਏ ਚੋਣਾਂ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚੜ੍ਹਾਉਣ ਵਿੱਚ ਸਹਿਯੋਗ ਦਿੱਤਾ ਜਾਵੇ।