ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਹਿਲ ਕਲਾਂ ’ਚ ਗੂੰਜਿਆ ਵਿਸਾਲ ਇੱਕਠ
ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਮਹਿਲ ਕਲਾਂ ’ਚ ਗੂੰਜਿਆ ਵਿਸਾਲ ਇੱਕਠ
Publish Date: Fri, 01 May 2026 04:56 PM (IST)
Updated Date: Sat, 02 May 2026 04:05 AM (IST)

ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਭਾਈ ਲਾਲੋ ਪੰਜਾਬੀ ਮੰਚ, ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਲਾਲ ਝੰਡਾ ਮਨਰੇਗਾ ਯੂਨੀਅਨ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਮਹਿਲ ਕਲਾਂ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਦੇ ਦੀਵਾਨ ਹਾਲ ’ਚ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸਮਰਪਿਤ ਸਮਾਗਮ ਮਨਾਇਆ ਗਿਆ। ਸਮਾਗਮ ਦੌਰਾਨ ਮਜ਼ਦੂਰ ਵਰਗ ਨੇ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਨ ਦਾ ਅਹਿਦ ਲਿਆ ਅਤੇ ਮਜ਼ਦੂਰ ਏਕਤਾ ਦੇ ਨਾਅਰੇ ਗੂੰਜੇ। ਵੱਡੀ ਗਿਣਤੀ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਐੱਸ.ਕੇ.ਐੱਮ. ਦੇ ਆਗੂ ਡਾ. ਦਰਸ਼ਨਪਾਲ, ਹਰਜੀਤ ਸਿੰਘ ਖ਼ਿਆਲੀ, ਡਾ. ਜਗਰਾਜ ਸਿੰਘ ਟੱਲੇਵਾਲ ਅਤੇ ਬੀਬੀ ਪਰਮਜੀਤ ਕੌਰ ਗੁੰਮਟੀ ਨੇ ਕਿਹਾ ਕਿ ਮਈ ਦਿਵਸ ਸਿਰਫ਼ ਇੱਕ ਛੁੱਟੀ ਨਹੀਂ, ਸਗੋਂ ਮਜ਼ਦੂਰਾਂ ਦੇ ਇਤਿਹਾਸਕ ਸੰਘਰਸ਼, ਏਕਤਾ ਅਤੇ ਸਮਾਜ ਦੀ ਉਸਾਰੀ ’ਚ ਉਨ੍ਹਾਂ ਦੇ ਅਮੁੱਲ ਯੋਗਦਾਨ ਨੂੰ ਯਾਦ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਆਰਥਿਕਤਾ ਦਾ ਅਸਲ ਆਧਾਰ ਮਜ਼ਦੂਰ ਵਰਗ ਹੁੰਦਾ ਹੈ ਅਤੇ ਭਾਰਤ ’ਚ 1923 ਤੋਂ ਮਨਾਇਆ ਜਾ ਰਿਹਾ ਇਹ ਦਿਨ ਮਜ਼ਦੂਰ ਹੱਕਾਂ ਦੀ ਰਾਖੀ ਲਈ ਪ੍ਰੇਰਨਾ ਦਾ ਸਰੋਤ ਹੈ। ਆਗੂਆਂ ਨੇ ਮੌਜੂਦਾ ਆਰਥਿਕ ਹਾਲਾਤਾਂ ਉੱਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ ਅਤੇ ਅਸਮਾਨਤਾ ਲਗਾਤਾਰ ਵਧ ਰਹੀ ਹੈ, ਜਦਕਿ ਮਜ਼ਦੂਰ ਵਰਗ ਨੂੰ ਬੁਨਿਆਦੀ ਸਹੂਲਤਾਂ ਤੱਕ ਵੀ ਪਹੁੰਚ ਨਹੀਂ ਮਿਲ ਰਹੀ। ਮਹਿੰਗੇ ਇਲਾਜ ਕਾਰਨ ਬੇਸ਼ੁਮਾਰ ਮਜ਼ਦੂਰ ਆਪਣਾ ਇਲਾਜ ਨਹੀਂ ਕਰਵਾ ਸਕਦੇ ਅਤੇ ਘਰਾਂ ’ਚ ਹੀ ਤਕਲੀਫਾਂ ਸਹਿੰਦੇ ਹੋਏ ਜ਼ਿੰਦਗੀ ਗੁਜ਼ਾਰ ਰਹੇ ਹਨ। ਮਜ਼ਦੂਰਾਂ ਦੇ ਬੱਚੇ ਪੜ੍ਹ-ਲਿਖ ਕੇਵੀ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ, ਜੋ ਚਿੰਤਾਜਨਕ ਹੈ। ਦੇਸ਼ ’ਚ ਖਿਡੌਣਿਆਂ ਤੋਂ ਲੈ ਕੇ ਜਹਾਜ਼ ਤੱਕ ਹਰ ਚੀਜ਼ ਮਜ਼ਦੂਰਾਂ ਦੇ ਹੱਥਾਂ ਨਾਲ ਬਣਦੀ ਹੈ, ਪਰ ਵਿਰੋਧਾਭਾਸ ਇਹ ਹੈ ਕਿ ਮਜ਼ਦੂਰ ਹੀ ਸਭ ਤੋਂ ਵੱਧ ਗਰੀਬੀ ਅਤੇ ਅਸੁਰੱਖਿਆ ’ਚ ਜੀਵਨ ਬਿਤਾਉਣ ਲਈ ਮਜਬੂਰ ਹਨ। ਕਈ ਥਾਵਾਂ ’ਤੇ ਮਜ਼ਦੂਰ ਪਰਿਵਾਰ ਤੰਗ ਅਤੇ ਅਣਸੁਖਾਲੇ ਘਰਾਂ ’ਚ ਰਹਿਣ ਲਈ ਮਜਬੂਰ ਹਨ, ਜੋ ਸਮਾਜਕ ਅਸਮਾਨਤਾ ਦੀ ਤਸਵੀਰ ਪੇਸ਼ ਕਰਦਾ ਹੈ। ਉਨ੍ਹਾਂ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਕੇਵਲ ਇਸ਼ਤਿਹਾਰਾਂ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਨਹੀਂ ਬਦਲ ਸਕਦੀ, ਅਸਲ ਨੀਤੀਆਂ ਅਤੇ ਜਮੀਨੀ ਕਦਮ ਚੁੱਕਣ ਦੀ ਲੋੜ ਹੈ। ਸਮਾਗਮ ਦੌਰਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਹਾਜ਼ਰੀਨਾਂ ਨੇ ਮਜ਼ਦੂਰ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ। ਇਸ ਮੌਕੇ ਮਾਸਟਰ ਅਮਰਜੀਤ ਸਿੰਘ ਮਹਿਲ ਖੁਰਦ, ਜਗਸੀਰ ਸਿੰਘ ਛੀਨੀਵਾਲ, ਗੁਰਦੀਪ ਸਿੰਘ ਐੱਫ.ਸੀ.ਆਈ., ਬਲਦੇਵ ਸਿੰਘ ਸਹਿਜੜਾ, ਬੀਕੇਯੂ ਸਿੱਧੂਪੁਰ ਦੇ ਆਗੂ ਬਲਵਿੰਦਰ ਸਿੰਘ ਬਿੰਦੂ ਸਹਿਜੜਾ, ਮੁਖਤਿਆਰ ਸਿੰਘ ਧਨੇਰ, ਰਾਜਦੀਪ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਹਰਪਾਲ ਕੌਰ ਸਾਧੂ ਸਿੰਘ ਛੀਨੀਵਾਲ ਅਤੇ ਅਮਨਦੀਪ ਕੌਰ ਹਾਜ਼ਰ ਸਨ।