ਬੱਚਿਆਂ ਨੂੰ ਪੋਕਸੋ ਐਕਟ ਤੇ ਅਧਿਕਾਰਾਂ ਸਬੰਧੀ ਦਿੱਤੀ ਜਾਣਕਾਰੀ
ਬੱਚਿਆਂ ਨੂੰ ਪੋਕਸੋ ਐਕਟ ਅਤੇ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਜਾਣਕਾਰੀ ਦਿੱਤੀ
Publish Date: Thu, 21 May 2026 05:37 PM (IST)
Updated Date: Fri, 22 May 2026 04:08 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਿੰਦਰਪਾਲ ਕੌਰ ਧਾਰੀਵਾਲ ਤੇ ਜ਼ਿਲ੍ਹਾ ਬਾਲ ਸਰੁੱਖਿਆ ਅਫ਼ਸਰ ਗੁਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਦੁੱਨਾ ’ਚ ਵਿਦਿਆਰਥੀਆਂ ਲਈ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਨ੍ਹਾਂ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਪੋਕਸੋ ਐਕਟ ਤੇ ਬੱਚਿਆਂ ਦੇ ਅਧਿਕਾਰਾਂ ਸਬੰਧੀ ਪੂਰੀ ਜਾਣਕਾਰੀ ਪ੍ਰਦਾਨ ਕਰਨਾ ਤੇ ਉਨ੍ਹਾਂ ’ਚ ਆਪਣੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਬੱਚਿਆਂ ਨਾਲ ਸਬੰਧਿਤ ਲਿੰਗ ਅਪਰਾਧਾਂ ਤੋਂ ਸੁਰੱਖਿਆ ਲਈ ਬਣੇ ਕਾਨੂੰਨਾ ਬਾਰੇ ਸੌਖੀ ਭਾਸ਼ਾ ’ਚ ਸਮਝਾਇਆ ਗਿਆ ਤੇ ਚੰਗੀ ਤੇ ਮਾੜੀ ਛੂਹ ਦੀ ਪਹਿਚਾਣ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਦੱਸਿਆ ਗਿਆ ਕਿ ਕਿਸੇ ਵੀ ਅਣਚਾਹੀ, ਡਰਾਉਣੀ ਜਾਂ ਸ਼ੱਕੀ ਘਟਨਾ ਦੀ ਸਥਿਤੀ ’ਚ ਚੁੱਪ ਨਾ ਰਹਿ ਕੇ ਤੁਰੰਤ ਆਪਣੇ ਮਾਤਾ-ਪਿਤਾ, ਅਧਿਆਪਕ ਜਾਂ ਕਿਸੇ ਭਰੋਸੇਯੋਗ ਵੱਡੇ ਵਿਅਕਤੀ ਨੂੰ ਸੂਚਿਤ ਕਰਨਾ ਬਹੁਤ ਜ਼ਰੂਰੀ ਹੈ। ਬੱਚਿਆਂ ਨੂੰ ਚਾਈਲਡ ਹੈਲਪਲਾਈਨ ਨੰਬਰ 1098 ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਜ਼ਰੂਰਤ ਪੈਣ ’ਤੇ ਇਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮੁੱਢਲੇ ਅਧਿਕਾਰਾਂ ਜਿਵੇਂ ਸੁਰੱਖਿਆ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ, ਸਨਮਾਨ ਨਾਲ ਜੀਵਨ ਜਿਓਣ ਦਾ ਅਧਿਕਾਰ ਅਤੇ ਸ਼ੋਸ਼ਣ ਤੋਂ ਬਚਾਅ ਦੇ ਅਧਿਕਾਰ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਅੱਜ ਦੇ ਡਿਜ਼ੀਟਲ ਯੁੱਗ ਨੂੰ ਧਿਆਨ ’ਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ, ਅਣਜਾਣ ਵਿਅਕਤੀਆਂ ਨਾਲ ਜਾਣਕਾਰੀ ਸਾਂਝੀ ਨਾ ਕਰਨ ਅਤੇ ਆਨਲਾਈਨ ਖਤਰਿਆਂ ਤੋਂ ਸਚੇਤ ਰਹਿਣ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਸਕੂਲ ਪੱਧਰ ’ਤੇ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਬੱਚੇ ਆਪਣੇ ਅਧਿਕਾਰਾਂ ਬਾਰੇ ਸਚੇਤ ਹੋਣ ਅਤੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਜਾਂ ਅਪਰਾਧ ਤੋਂ ਆਪਣੇ ਆਪ ਨੂੰ ਬਚਾ ਸਕਣ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਵੱਲੋਂ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਜਾਰੀ ਰੱਖੇ ਜਾਣਗੇ, ਤਾਂ ਜੋ ਬੱਚਿਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਸਹਾਇਕ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਪ੍ਰੋਗਰਾਮ ’ਚ ਸਕੂਲ ਪ੍ਰਬੰਧਕ ,ਅਧਿਆਪਕ ਤੇ ਜ਼ਿਲ੍ਹਾ ਬਾਲ ਸਰੁੱਖਿਆ ਦਫ਼ਤਰ ਵਲੋਂ ਬਲਵਿੰਦਰ ਸਿੰਘ ਧਲੇਵਾਂ, ਲਖਵੀਰ ਸਿੰਘ ਵੱਲੋਂ ਵੀ ਸਰਗਰਮ ਭਾਗੀਦਾਰੀ ਨਿਭਾਈ ਗਈ ਅਤੇ ਬੱਚਿਆਂ ਨੂੰ ਸੁਰੱਖਿਅਤ ਰਹਿਣ ਸੰਬੰਧੀ ਜ਼ਰੂਰੀ ਸਲਾਹਾਂ ਦਿੱਤੀਆਂ ਗਈਆਂ।