ਜੱਜ ਬਣਨਾ ਚਾਹੁੰਦੀ ਹੈ ਗੁਰਮੀਤ
ਜੱਜ ਬਣਨਾ ਚਾਹੁੰਦੀ ਹੈ ਗੁਰਮੀਤ
Publish Date: Wed, 13 May 2026 06:33 PM (IST)
Updated Date: Wed, 13 May 2026 06:36 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਪੰਜਾਬ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈ। ਜਿਨ੍ਹਾਂ ਦਾ ਪਤਾ ਅੱਜ ਆਏ ਬਾਰ੍ਹਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਤੋਂ ਲੱਗਦਾ ਹੈ। ਜਿਸ ਕਾਰਨ ਪਿੰਡ ਲਹਿਲ ਕਲਾਂ ਦੇ ਪੀਐੱਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਲ ਸਬੰਧਿਤ ਬਾਰ੍ਹਵੀਂ ਜਮਾਤ ਵਿੱਚੋਂ ਜ਼ਿਲ੍ਹਾ ਟਾਪਰ ਰਹੀ ਵਿਦਿਆਰਥਣ ਗੁਰਮੀਤ ਕੌਰ ਨੇ 500 ਵਿੱਚੋਂ 492 ਅੰਕ ਪ੍ਰਾਪਤ ਕੀਤੇ। ਜਾਣਕਾਰੀ ਅਨੁਸਾਰ ਪੀਐੱਮ ਸ਼੍ਰੀ ਸਰਕਾਰੀ ਸੈਕੰਡਰੀ ਸਕੂਲ ਲਹਿਲ ਕਲਾਂ ਦੀ ਵਿਦਿਆਰਥਣ ਗੁਰਮੀਤ ਕੌਰ ਪੁੱਤਰੀ ਰਾਮਫਲ ਸਿੰਘ ਜੋ ਰਾਜਗਿਰੀ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਉਹ ਐਡਵੋਕੇਟ ਬਨਣ ਉਪਰੰਤ ਜੱਜ ਬਣਨ ਦੀ ਇੱਛਾ ਰੱਖਦੀ ਹੈ, ਤਾਂ ਜੋ ਉਹ ਜਨਤਾ ਦੀ ਸੇਵਾ ਕਰ ਸਕੇ। ਵਿਦਿਆਰਥਣ ਗੁਰਮੀਤ ਕੌਰ ਨੇ ਇਸ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ 18 ਤੋਂ 19 ਘੰਟੇ ਰੋਜ਼ਾਨਾ ਪੜ੍ਹਾਈ ਕਰਦੀ ਸੀ। ਜਿਸ ਕਾਰਨ ਜਿੱਥੇ ਮੇਰੀ ਮਿਹਨਤ ਰੰਗ ਲਿਆਈ, ਉੱਥੇ ਸਕੂਲ ਸਟਾਫ ਨੇ ਵੀ ਉਸ ਦੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਉਨ੍ਹਾਂ ਸਕੂਲ ਦੇ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਰਾ ਸਟਾਫ ਬਹੁਤ ਵਧੀਆ ਹੈ ਜਿਸ ਕਾਰਨ ਉਨ੍ਹਾਂ ਨੂੰ ਪੂਰੇ ਜ਼ਿਲ੍ਹੇ ਵਿੱਚੋਂ ਟਾਪਰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਿਦਿਆਰਥਣ ਗੁਰਮੀਤ ਕੌਰ ਵੱਲੋਂ ਜ਼ਿਲ੍ਹੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਸਬੰਧੀ ਪੰਜਾਬ ਦੇ ਕੈਬਨਟ ਮੰਤਰੀ ਅਤੇ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਵਿਦਿਆਰਥਣ ਗੁਰਮੀਤ ਕੌਰ, ਇਸ ਦੇ ਮਾਪਿਆਂ ਅਤੇ ਸਕੂਲ ਦੇ ਮਿਹਨਤੀ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਲਿਆਵਾਂਗੇ, ਸੋ ਇਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਕਿਉਂਕਿ ਪਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੇ ਜਿੱਥੇ ਨਤੀਜੇ ਵਧੀਆ ਆ ਰਹੇ ਹਨ ਉੱਥੇ ਹੀ ਇਨ੍ਹਾਂ ਸਕੂਲਾਂ ਵਿੱਚੋਂ ਪੜ੍ਹ ਕੇ ਵਿਦਿਆਰਥੀ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਰਹੇ ਹਨ।