ਵਿਦਿਆਰਥੀਆਂ ਲਈ ਰੰਗਾਰੰਗ ਪ੍ਰੋਗਰਾਮ ‘ਗੋ ਗ੍ਰੀਨ ਗਾਲਾ’ ਕਰਵਾਇਆ
ਵਿਦਿਆਰਥੀਆਂ ਲਈ ਰੰਗਾਰੰਗ ਪ੍ਰੋਗਰਾਮ ‘ਗੋ ਗ੍ਰੀਨ ਗਾਲਾ’ ਕਰਵਾਇਆ
Publish Date: Wed, 29 Apr 2026 03:52 PM (IST)
Updated Date: Thu, 30 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਦੇ ਟਾਪ 50 ਸਕੂਲਾਂ ’ਚ ਸ਼ੁਮਾਰ ਵਾਈਐਸ ਪਬਲਿਕ ਸਕੂਲ ਵੱਲੋਂ ਨਰਸਰੀ ਦੇ ਵਿਦਿਆਰਥੀਆਂ ਲਈ ਰੰਗਾਰੰਗ ‘ਗੋ ਗ੍ਰੀਨ ਗਾਲਾ’ ਕਰਵਾਇਆ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਦਾ ਮਕਸਦ ਨੰਨੇ ਵਿਦਿਆਰਥੀਆਂ ਨੂੰ ਪਹਿਲਾ ਸਟੇਜ ਅਨੁਭਵ ਦੇਣਾ, ਉਨ੍ਹਾਂ ’ਚ ਆਤਮਵਿਸ਼ਵਾਸ ਪੈਦਾ ਕਰਨਾ ਅਤੇ ਪ੍ਰਕਿਰਤੀ, ਪਰਿਵਾਰਕ ਜੋੜ ਅਤੇ ਮੁੱਲਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਹਰੇ ਰੰਗ ਦੀ ਥੀਮ ’ਚ ਸਜੇ ਵਿਦਿਆਰਥੀਆਂ ਨੇ ਮਨਮੋਹਕ ਰੈਂਪ ਵਾਕ ਪੇਸ਼ ਕੀਤਾ ਅਤੇ ਆਪਣੇ ਪਹਿਰਾਵੇ ਅਨੁਸਾਰ ਆਤਮਵਿਸ਼ਵਾਸ ਨਾਲ ਆਪਣੀ ਜਾਣ-ਪਹਿਚਾਣ ਕਰਵਾਈ। ਇਹ ਉਨ੍ਹਾਂ ਲਈ ਪਹਿਲਾ ਸਟੇਜ ਤਜਰਬਾ ਬਣਿਆ, ਜਿਸ ਨਾਲ ਵਿਦਿਆਰਥੀਆਂ ਦੇ ਹੌਂਸਲੇ ਅਤੇ ਪ੍ਰਗਟਾਵੇ ਦੀ ਯੋਗਤਾ ’ਚ ਵਾਧਾ ਹੋਇਆ। ਸਮਾਗਮ ਦੀ ਖ਼ਾਸ ਆਕਰਸ਼ਣ ਪੇਰੈਂਟ ਕਨੈਕਟ ਰਿਹਾ, ਜਿਸ ’ਚ ਮਾਪਿਆਂ ਨੂੰ ਬੱਚਿਆਂ ਦੇ ਨਾਲ ਸਰਗਰਮ ਭਾਗੀਦਾਰੀ ਲਈ ਸੱਦਾ ਦਿੱਤਾ ਗਿਆ। ਰੰਗ ਭਰਨ ਦੀਆਂ ਗਤੀਵਿਧੀਆਂ, ਦਿਲਚਸਪ ਖੇਡਾਂ ਅਤੇ ਮਨੋਰੰਜਕ ਐਕਟੀਵਿਟੀਆਂ ਨੇ ਸਕੂਲ, ਵਿਦਿਆਰਥੀਆਂ ਅਤੇ ਮਾਪਿਆਂ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਕੀਤੇ। ਇਸ ਮੌਕੇ ਮਾਪਿਆਂ ਅਤੇ ਬੱਚਿਆਂ ਦੀਆਂ ਯਾਦਗਾਰ ਤਸਵੀਰਾਂ ਖਿੱਚੀਆਂ ਗਈਆਂ ਅਤੇ ਉਨ੍ਹਾਂ ਨੂੰ ਯਾਦਗਾਰੀ ਤੌਹਫ਼ੇ ਵਜੋਂ ਭੇਟ ਕੀਤੀਆਂ ਗਈਆਂ, ਜਿਸ ਨਾਲ ਇਹ ਪਲ ‘ਜ਼ਿੰਦਗੀ ਦੇ ਪਲ’ ਬਣ ਗਏ। ਇਹ ਸਮਾਗਮ ਕੇਵਲ ਮਨੋਰੰਜਨ ਤੱਕ ਸੀਮਿਤ ਨਹੀਂ ਰਿਹਾ, ਸਗੋਂ ਮੁੱਲਾਂ ਅਤੇ ਸੰਸਕਾਰਾਂ ਨਾਲ ਵੀ ਜੁੜਿਆ ਰਿਹਾ। ਇਸ ਰਾਹੀਂ ਵਿਦਿਆਰਥੀਆਂ ’ਚ ਵਾਤਵਰਣ ਜਾਗਰੂਕਤਾ, ਆਤਮ-ਅਭਿਵੈਕਤੀ, ਆਤਮਵਿਸ਼ਵਾਸ ਅਤੇ ਇਕੱਠੇ ਸਿੱਖਣ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੋਹਿਤ ਜਿੰਦਲ ਨੇ ਕਿਹਾ, ‘ਗੋ ਗ੍ਰੀਨ ਗਾਲਾ ਵਿਦਿਆਰਥੀਆਂ ਨੂੰ ਪਹਿਲਾ ਸਟੇਜ ਅਨੁਭਵ ਦੇਣ, ਪੇਰੈਂਟ ਕਨੈਕਟ ਮਜ਼ਬੂਤ ਕਰਨ ਅਤੇ ਅਨੁਭਵਾਤਮਕ ਸਿੱਖਿਆ ਰਾਹੀਂ ਮੁੱਲਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ। ਵਾਈਐਸ ਪਬਲਿਕ ਸਕੂਲ ’ਚ ਅਸੀਂ ਆਤਮਵਿਸ਼ਵਾਸੀ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਵਿਅਕਤਿਤਵ ਨਿਰਮਾਣ ’ਚ ਵਿਸ਼ਵਾਸ ਰੱਖਦੇ ਹਾਂ।’ ਖੁਸ਼ਗਵਾਰ ਮਾਹੌਲ ’ਚ ਸਮਾਪਤ ਹੋਇਆ ਇਹ ਸਮਾਗਮ ਮਾਪਿਆਂ ਅਤੇ ਵਿਦਿਆਰਥੀਆਂ ਲਈ ਸੋਹਣੀਆਂ ਯਾਦਾਂ ਛੱਡ ਗਿਆ ਅਤੇ ‘ਗੋ ਗ੍ਰੀਨ ਗਾਲਾ’ ਸਿੱਖਿਆ, ਮੁੱਲਾਂ ਅਤੇ ਨਾ ਭੁੱਲਣ ਵਾਲੇ ਪਲਾਂ ਦਾ ਸੁੰਦਰ ਉਤਸਵ ਬਣ ਕੇ ਸਾਹਮਣੇ ਆਇਆ।