ਬਰਨਾਲਾ 'ਚ ਗੈਸ ਦਾ ਸੰਕਟ ਬਣਿਆ ਜਾਨਲੇਵਾ: ਸਿਲੰਡਰ ਲਈ ਸਵੇਰੇ 5 ਵਜੇ ਤੋਂ ਕਤਾਰ 'ਚ ਖੜ੍ਹੇ ਬਜ਼ੁਰਗ ਦੀ ਮੌਤ, ਪਰਿਵਾਰ 'ਚ ਮਾਤਮ
ਈਰਾਨ-ਇਜ਼ਰਾਈਲ ਜੰਗ ਦੇ ਪਰਛਾਵੇਂ ਹੇਠ ਪੰਜਾਬ ਵਿੱਚ ਪੈਦਾ ਹੋਏ ਗੈਸ ਸੰਕਟ ਨੇ ਅੱਜ ਇੱਕ ਬਹੁਤ ਹੀ ਦੁਖਦਾਈ ਮੋੜ ਲੈ ਲਿਆ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਵਿੱਚ ਰਸੋਈ ਗੈਸ ਲੈਣ ਲਈ ਲੰਬੀ ਕਤਾਰ ਵਿੱਚ ਖੜ੍ਹੇ ਇੱਕ 66 ਸਾਲਾ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
Publish Date: Fri, 13 Mar 2026 12:26 PM (IST)
Updated Date: Fri, 13 Mar 2026 01:29 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਈਰਾਨ-ਇਜ਼ਰਾਈਲ ਜੰਗ ਦੇ ਪਰਛਾਵੇਂ ਹੇਠ ਪੰਜਾਬ ਵਿੱਚ ਪੈਦਾ ਹੋਏ ਗੈਸ ਸੰਕਟ ਨੇ ਅੱਜ ਇੱਕ ਬਹੁਤ ਹੀ ਦੁਖਦਾਈ ਮੋੜ ਲੈ ਲਿਆ। ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਵਿੱਚ ਰਸੋਈ ਗੈਸ ਲੈਣ ਲਈ ਲੰਬੀ ਕਤਾਰ ਵਿੱਚ ਖੜ੍ਹੇ ਇੱਕ 66 ਸਾਲਾ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਸਵੇਰੇ 5 ਵਜੇ ਤੋਂ ਲਾਈਨ ਵਿੱਚ ਸੀ ਖੜ੍ਹਾ ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਭੂਸ਼ਣ ਕੁਮਾਰ ਮਿੱਤਲ (66) ਆਪਣੇ ਪੁੱਤਰ ਨਾਲ ਸਵੇਰੇ 5 ਵਜੇ ਤੋਂ ਗੈਸ ਏਜੰਸੀ ਦੇ ਬਾਹਰ ਲੱਗੀ ਭੀੜ ਵਿੱਚ ਸ਼ਾਮਲ ਸੀ। ਪੰਜਾਬ ਭਰ ਵਿੱਚ ਫੈਲੀ ਗੈਸ ਦੀ ਕਿੱਲਤ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ, ਜਿਸ ਕਾਰਨ ਭੂਸ਼ਣ ਕੁਮਾਰ ਵੀ ਤੜਕੇ ਹੀ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਗਏ ਸਨ।
25 ਨੰਬਰ ਟੋਕਨ ਨੇ ਦਿੱਤਾ ਸਦੀਵੀ ਵਿਛੋੜਾ ਦੱਸਿਆ ਜਾ ਰਿਹਾ ਹੈ ਕਿ ਭੂਸ਼ਣ ਕੁਮਾਰ ਕੋਲ ਟੋਕਨ ਨੰਬਰ 25 ਸੀ, ਪਰ ਆਪਣੀ ਵਾਰੀ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਮੌਕੇ 'ਤੇ ਹੀ ਦਮ ਤੋੜ ਗਏ। ਇਸ ਘਟਨਾ ਨੇ ਮੌਕੇ 'ਤੇ ਮੌਜੂਦ ਸੈਂਕੜੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ ਅਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਘਰ ਲੈ ਗਏ ਹਨ।
ਲੋਕਾਂ ਵਿੱਚ ਗੁੱਸਾ ਅਤੇ ਦਹਿਸ਼ਤ ਇਸ ਘਟਨਾ ਨੇ ਸੂਬੇ ਵਿੱਚ ਗੈਸ ਸਪਲਾਈ ਦੀ ਮਾੜੀ ਸਥਿਤੀ ਅਤੇ ਲੋਕਾਂ ਵਿੱਚ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਨੂੰ ਉਜਾਗਰ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗੈਸ ਦੀ ਸਪਲਾਈ ਸੁਚਾਰੂ ਹੁੰਦੀ ਤਾਂ ਇਸ ਬਜ਼ੁਰਗ ਨੂੰ ਘੰਟਿਆਂ ਬੱਧੀ ਕਤਾਰ ਵਿੱਚ ਖੜ੍ਹੇ ਹੋਣ ਦੀ ਲੋੜ ਨਹੀਂ ਪੈਣੀ ਸੀ।