ਗੁਰਦੁਆਰਾ ਬੜੂ ਸਾਹਿਬ ’ਚ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ
ਗੁਰਦੁਆਰਾ ਬੜੂ ਸਾਹਿਬ ਵਿਖੇ ਵਿਸਾਖੀ ਮੌਕੇ ਗਰ ਕੀਰਤਨ ਸਜਾਇਆ
Publish Date: Wed, 15 Apr 2026 04:43 PM (IST)
Updated Date: Wed, 15 Apr 2026 04:48 PM (IST)
- ਫੌਜੀ ਬੈਂਡ ਤੇ ਗੱਤਕਾ ਟੀਮ ਨੇ ਸੰਗਤਾਂ ਨੂੰ ਵਿਖਾਏ ਅਦਭੁੱਤ ਜੌਹਰ
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ
ਚੀਮਾ ਮੰਡੀ : ਗੁਰਦੁਆਰਾ ਬੜੂ ਸਾਹਿਬ (ਹਿ.ਪ੍ਰ.) ਵਿਖੇ ‘ਵਿਸਾਖੀ ਸਮਾਗਮ’ ਦੇ ਦੂਜੇ ਦਿਨ ਕਲਗੀਧਰ ਟਰੱਸਟ ਬੜੂ ਸਾਹਿਬ ਵੱਲੋਂ ਵਿਸਾਖੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ, ਜਿਸ ਦੀ ਆਰੰਭਤਾ ਦੀ ਅਰਦਾਸ ਬੜੂ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਨੇ ਕੀਤੀ। ਬੜੂ ਸਾਹਿਬ ਤੋਂ ਮਛੇਰ ਤੱਕ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਇਸ ਨਗਰ ਕੀਰਤਨ ’ਚ ਪੰਜਾਬ, ਹਰਿਆਣਾ ਹਿਮਾਚਲ ਅਤੇ ਦਿੱਲੀ ਤੋਂ ਸੰਗਤਾਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਨਗਰ ਕੀਰਤਨ ਦੌਰਾਨ ਗੱਤਕੇ ਦੇ ਮਾਹਿਰ ਬੱਚਿਆਂ ਅਤੇ ਨੌਜਵਾਨਾਂ ਨੇ ਗੱਤਕੇ ਦੇ ਅਦਭੁੱਤ ਜੌਹਰ ਵਿਖਾਏ। ਫੌਜੀ ਬੈਂਡ ਵੱਲੋਂ ਵੀ ਸੰਗਤਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਏ ਗਏ ਅਤੇ ਨਗਰ ਕੀਰਤਨ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦੇ ਲੰਗਰ ਸੰਗਤਾਂ ਵੱਲੋਂ ਲਾਏ ਗਏ। ਨਗਰ ਕੀਰਤਨ ਦੇ ਮਛੇਰ ਤੋਂ ਵਾਪਸ ਬੜੂ ਸਾਹਿਬ ਪੁੱਜਣ ’ਤੇ ਸਮਾਪਤੀ ਦੀ ਅਰਦਾਸ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਅਕਾਲ ਅਕੈਡਮੀ ਬੜੂ ਸਾਹਿਬ ਅਤੇ ਇਟਰਨਲ ਯੂਨੀਵਰਸਿਟੀ ਵਿਖੇ ਪੁੱਜਣ ’ਤੇ ਸਮੁੱਚੇ ਸਟਾਫ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।