ਡਿਜੀਟਲ ਪੀੜ੍ਹੀ ਦੀਆਂ ਟੁੱਟਦੀਆਂ ਤੰਦਾਂ: ਮਾਂ-ਬੋਲੀ ਦੀ ਥਾਂ ਲੈ ਰਹੀ 'ਸਕ੍ਰੀਨ', ਕਿਤੇ ਗੁੰਮ ਨਾ ਹੋ ਜਾਵੇ ਸਾਡਾ ਵਿਰਸਾ
ਡਿਜੀਟਲ ਪੀੜ੍ਹੀ ਦੀਆਂ ਟੁੱਟਦੀਆਂ ਤੰਦਾਂ: ਮਾਂ-ਬੋਲੀ ਦੀ ਥਾਂ ਲੈ ਰਹੀ 'ਸਕ੍ਰੀਨ', ਕਿਤੇ ਗੁੰਮ ਨਾ ਹੋ ਜਾਵੇ ਸਾਡਾ ਵਿਰਸਾ
Publish Date: Thu, 14 May 2026 03:41 PM (IST)
Updated Date: Fri, 15 May 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਅੱਜ ਦੇ ਦੌਰ ’ਚ ਜਿੱਥੇ ਅਸੀਂ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹਾਂ, ਉੱਥੇ ਹੀ ਸਾਡੇ ਘਰਾਂ ਦੇ ਵਿਹੜਿਆਂ ’ਚ ਇਕ ਅਜਿਹਾ ਮੌਨ ਪਸਰ ਰਿਹਾ ਹੈ ਜੋ ਆਉਣ ਵਾਲੀਆਂ ਨਸਲਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ। ਕਦੇ ਸਮਾਂ ਸੀ ਜਦੋਂ ਦਾਦੀਆਂ-ਨਾਨੀਆਂ ਦੀਆਂ ਬਾਤਾਂ ਬੱਚਿਆਂ ਦੇ ਕਿਰਦਾਰ ਘੜਦੀਆਂ ਸਨ, ਪਰ ਅੱਜ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ’ਚ ਫੜੇ ਮੋਬਾਈਲ ਫ਼ੋਨਾਂ ਨੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਤੇ ਵਿਰਸੇ ਨਾਲੋਂ ਤੋੜ ਦਿੱਤਾ ਹੈ। ਪੇਸ਼ ਹਨ ਕੁੱਝ ਸ਼ਖਸੀਅਤਾਂ ਦੇ ਵਿਚਾਰ। ਮੋਬਾਈਲ ਦੀ ਵਰਤੋਂ ਕਾਰਨ ਬੱਚੇ ਮਾਂ ਬੋਲੀ ਭੁੱਲੇ : ਚੇਅਰਮੈਨ ਬਿੰਦੀ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਕਿਹਾ ਕਿ ਮਾਲਵਾ ਖੇਤਰ ਦੇ ਪੇਂਡੂ ਤੇ ਸ਼ਹਿਰੀ ਇਲਾਕਿਆਂ ’ਚ ਬੱਚੇ ਦਿਨ ਦਾ 2 ਤੋਂ 4 ਘੰਟੇ ਸਮਾਂ ਮੋਬਾਈਲ ਤੇ ਬਿਤਾ ਰਹੇ ਹਨ। ਨਤੀਜੇ ਵਜੋਂ, ਉਹ ਆਪਣੀ ਠੇਠ ਮਲਵਈ ਬੋਲੀ ਦੇ ਸ਼ਬਦਾਂ ਨੂੰ ਭੁੱਲ ਕੇ ਅੰਗਰੇਜ਼ੀ ਦੇ ਕਾਰਟੂਨ ਸ਼ਬਦਾਂ ਨੂੰ ਅਪਣਾ ਰਹੇ ਹਨ। ਉਹ ਹੱਥ ਜੋ ਕਦੇ ਕਲਮ ਜਾਂ ਕਿਤਾਬ ਫੜਦੇ ਸਨ, ਹੁਣ ਸਿਰਫ਼ ਸਕ੍ਰੀਨ ਸਕ੍ਰੋਲ ਕਰਨ ਤੱਕ ਸੀਮਤ ਰਹਿ ਗਏ ਹਨ। ਪਿੰਡਾਂ ਦੀਆਂ ਸੱਥਾਂ ’ਚ ਹੁਣ ਸਾਹਿਤਕ ਚਰਚਾ ਦੀ ਥਾਂ ਸੋਸ਼ਲ ਮੀਡੀਆ ਦੀਆਂ ਅਫ਼ਵਾਹਾਂ ਨੇ ਲੈ ਲਈ ਹੈ। ਇਸ ਪ੍ਰਤੀ ਸੁਚੇਤ ਹੋਣ ਦੀ ਜਰੂਰਤ ਹੈ। ਬੱਚਿਆਂ ਨੂੰ ਮੋਬਾਈਲ ਫੋਨ ਤੋਂ ਰੱਖੋ ਦੂਰ : ਚੇਅਰਮੈਨ ਰਣਪ੍ਰੀਤ ਸਿੰਘ ਬਾਬਾ ਗਾਂਧਾ ਸਿੰਘ ਗਰੁੱਪ ਦੇ ਚੇਅਰਮੈਨ ਰਣਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮਾਪਿਆਂ ਨੇ ਬੱਚਿਆਂ ਨੂੰ ਸਕ੍ਰੀਨ ਟਾਈਮ ਦੀ ਬਜਾਏ ਸਾਹਿਤਕ ਟਾਈਮ ਨਾ ਦਿੱਤਾ, ਤਾਂ ਅਗਲੀ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਪੂਰੀ ਤਰ੍ਹਾਂ ਕਟ ਜਾਵੇਗੀ। ਅੱਜ ਮੋਬਾਈਲ ਦੀ ਵਰਤੋਂ ਆਮ ਹੈ। ਪਿਛਲੇ ਇੱਕ-ਡੇਢ ਦਹਾਕੇ ਤੋਂ ਮੋਬਾਈਲ ਫੋਨ ਦੀ ਵਰਤੋਂ ’ਚ ਚੋਖਾ ਵਾਧਾ ਹੋਇਆ ਹੈ। ਅਕਸਰ ਵੇਖਣ ’ਚ ਆਉਂਦਾ ਹੈ ਕਿ ਜੇਕਰ ਘਰ ਦੇ ਮੈਂਬਰ ਇਕ ਕਮਰੇ ਵਿੱਚ ਬੈਠੇ ਹਨ ਤਾਂ ਉਹ ਆਪਸ ’ਚ ਗੱਲ ਕਰਨ ਦੀ ਥਾਂ ਮੋਬਾਈਲ ਵੇਖਣ ’ਚ ਮਸ਼ਰੂਫ਼ ਹੁੰਦੇ ਹਨ। ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਦਾ ਚਾਹੀਦਾ ਹੈ। ਮਾਪੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਕਰਨ ਪ੍ਰੇਰਿਤ : ਐੱਮਡੀ ਸ਼ਿਵ ਸਿੰਗਲਾ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਐਮਡੀ ਸ਼ਿਵ ਸਿੰਗਲਾ ਨੇ ਕਿਹਾ ਕਿ ਮੋਬਾਈਲ ਦੀ ਵਧੇਰੇ ਵਰਤੋਂ ਕਰਨ ਦੇ ਚੱਲਦਿਆਂ ਬੱਚੇ ਵੀ ਵੱਖ ਵੱਖ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੀ ਲਪੇਟ ’ਚ ਆ ਰਹੇ ਹਨ। ਜੋ ਬੱਚੇ ਜ਼ਿਆਦਾ ਸਮਾਂ ਮੋਬਾਈਲ ’ਤੇ ਗੇਮ ਖੇਡਣ, ਵੀਡੀਓਜ਼ ਦੇਖਣ ਜਾਂ ਗੱਲਾਂ ਕਰਨ ’ਚ ਲਗਾਉਂਦੇ ਹਨ, ਉਨ੍ਹਾਂ ਦੀ ਪੜ੍ਹਾਈ ’ਚ ਰੁਚੀ ਤੇ ਧਿਆਨ ਘਟ ਜਾਂਦਾ ਹੈ। ਨਤੀਜੇ ਵਜੋਂ ਉਨ੍ਹਾਂ ਦੇ ਇਮਤਿਹਾਨਾਂ ’ਚੋਂ ਨੰਬਰ ਘੱਟ ਆਉਂਦੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਵੱਲ ਧਿਆਨ ਦੇਣ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ। ਬੱਚੇ ਹੋ ਰਹੇ ਮਾਨਸਿਕ ਤੇ ਸਰੀਰਕ ਤੌਰ ’ਤੇ ਖੋਖਲੇ : ਸਮਾਜ ਸੇਵੀ ਰਸਵਿੰਦਰ ਸਿੰਘ ਸਮਾਜ ਸੇਵੀ ਰਸਵਿੰਦਰ ਸਿੰਘ ਨੇ ਕਿਹਾ ਕਿ ਕੋਈ ਸਮਾਂ ਸੀ ਜਦੋਂ ਲਾਇਬ੍ਰੇਰੀਆਂ ’ਚ ਕਿਤਾਬਾਂ ਪੜ੍ਹਨ ਲਈ ਇਕੱਠ ਹੁੰਦਾ ਸੀ ਪਰ ਹੁਣ ਮੋਬਾਇਲ ਫੋਨਾਂ ਨੇ ਹਰ ਛੋਟੇ ਵੱਡੇ ਨੂੰ ਕਿਤਾਬਾਂ ਤੋਂ ਦੂਰ ਕਰ ਦਿੱਤਾ ਹੈ, ਮੋਬਾਇਲ ਫੋਨਾਂ ਦੀ ਵਰਤੋਂ ਨਾਲ ਭਾਵੇਂ ਮਨੁੱਖ ਅਧੁਨਿਕ ਤੌਰ ’ਤੇ ਅੱਗੇ ਨਿੱਕਲ ਚੁੱਕਿਆ ਹੈ ਪਰ ਇਸ ਦੀ ਜਿਆਦਾ ਵਰਤੋਂ ਨਾਲ ਮਨੁੱਖ ਪ੍ਰੇਸਾਨੀਆਂ ’ਚ ਵੀ ਘਿਰ ਚੁੱਕਿਆ ਹੈ, ਸਭ ਤੋਂ ਮਾੜਾ ਪ੍ਰਭਾਵ ਬੱਚਿਆਂ ’ਤੇ ਪੈ ਰਿਹਾ ਹੈ, ਜੋ ਸਾਹਿਤਕ ਗਿਆਨ ਤੋਂ ਵਾਂਝੇ ਰਹਿ ਕੇ ਮੋਬਾਈਲ ਫੋਨ ਦੀ ਵਰਤੋਂ ਨਾਲ ਮਾਨਸਿਕ ਤੇ ਸਰੀਰਕ ਤੋਂ ਖੋਖਲੇ ਹੋ ਰਹੇ ਹਨ। ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂ ਦਾ ਅਸਰ ਘਰ ’ਚ ਛੋਟੇ ਬੱਚਿਆਂ ’ਤੇ ਵੀ ਪੈਂਦਾ ਹੈ।