ਨਾਮਜ਼ਦਗੀ ਪੱਤਰ ਰੱਦ ਕਰਨ ਤੇ ਵਾਪਸ ਲੈਣ ਤੋਂ ਬਾਅਦ ਅੰਤਿਮ ਸੂਚੀ ਜਾਰੀ
ਨਾਮਜ਼ਦਗੀ ਪੱਤਰ ਰੱਦ ਕਰਨ ਤੇ ਵਾਪਸ ਲੈਣ ਤੋਂ ਬਾਅਦ ਅੰਤਿਮ ਸੂਚੀ ਜਾਰੀ
Publish Date: Wed, 20 May 2026 06:37 PM (IST)
Updated Date: Wed, 20 May 2026 06:40 PM (IST)
- ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 4 ਤੇ 31 ਤੋਂ ਬਿਨਾਂ ਮੁਕਾਬਲਾ ਜੇਤੂ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪ੍ਰਸ਼ਾਸਨ ਨੇ ਨਗਰ ਨਿਗਮ ਬਰਨਾਲਾ ਦੇ ਨਾਲ-ਨਾਲ ਨਗਰ ਕੌਂਸਲ ਭਦੌੜ, ਧਨੌਲਾ ਤੇ ਤਪਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਨਗਰ ਨਿਗਮ ਬਰਨਾਲਾ ’ਚ ਹੁਣ ਕੁੱਲ 177 ਉਮੀਦਵਾਰ ਮੈਦਾਨ ’ਚ ਰਹਿ ਗਏ ਹਨ, ਜਦੋਂ ਕਿ ਸ਼ੁਰੂ ’ਚ ਕੁੱਲ 196 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਇਸ ਪੂਰੀ ਪ੍ਰਕਿਰਿਆ ਦੌਰਾਨ, ਵਾਰਡ ਨੰਬਰ 31 ਸਮੇਤ ਕੁੱਲ 7 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਤੇ ਬਾਕੀ ਉਮੀਦਵਾਰਾਂ ਨੇ ਆਪਣੇ ਨਾਮ ਵਾਪਸ ਲੈ ਲਏ। ਵਾਰਡ ਨੰਬਰ 4 ਤੋਂ ਗੁਰਪ੍ਰੀਤ ਸਿੰਘ ਤੇ ਵਿਵਾਦਪੂਰਨ ਵਾਰਡ ਨੰਬਰ 31 ਤੋਂ ਤਮੰਨਾ ਨੇ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੇ ਹਨ। ਵਾਰਡ ਨੰ. 4 ’ਚ ਗੁਰਪ੍ਰੀਤ ਸਿੰਘ ਨੂੰ ਸਿਰਫ਼ ਇੱਕ ਉਮੀਦਵਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਵਾਰਡ ਨੰਬਰ 31 ’ਚ ਦੋ ਨਾਮਜ਼ਦਗੀ ਪੱਤਰ ਰੱਦ ਹੋਣ ਤੇ ਇੱਕ ਉਮੀਦਵਾਰ ਦੇ ਵਾਪਸ ਲੈਣ ਤੋਂ ਬਾਅਦ ‘ਆਪ’ ਉਮੀਦਵਾਰ ਦੀ ਜਿੱਤ ਬਿਨਾਂ ਮੁਕਾਬਲਾ ਪੱਕੀ ਹੋ ਗਈ। ਇਸ ਤੋਂ ਇਲਾਵਾ ਨਗਰ ਕੌਂਸਲ ਭਦੌੜ ’ਚ ਕੁੱਲ 55 ਉਮੀਦਵਾਰ, ਨਗਰ ਕੌਂਸਲ ਧਨੌਲਾ ’ਚ 58 ਤੇ ਨਗਰ ਕੌਂਸਲ ਤਪਾ ’ਚ 59 ਉਮੀਦਵਾਰ ਚੋਣ ਲੜ ਰਹੇ ਹਨ।