ਵਧੇ ਹੱਦ ਕਰਜ਼ੇ ਤੁਰੰਤ ਜਾਰੀ ਕਰਨ ਲਈ ਕਿਸਾਨਾਂ ਨੇ ਲਾਇਆ ਧਰਨਾ
ਵਧੇ ਹੱਦ ਕਰਜ਼ੇ ਤੁਰੰਤ ਜਾਰੀ ਕਰਨ ਲਈ ਕਿਸਾਨਾਂ ਨੇ ਲਾਇਆ ਧਰਨਾ
Publish Date: Tue, 12 May 2026 04:15 PM (IST)
Updated Date: Tue, 12 May 2026 04:18 PM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ,ਸੰਗਰੂਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ‘ਤੇ ਪੰਜਾਬ ਭਰ ਵਿਚ ਕੋਪਰੇਟਿਵ ਬੈਂਕਾਂ ਅੱਗੇ ਤਹਿਸੀਲ ਅਤੇ ਜ਼ਿਲ੍ਹਾ ਪੱਧਰ ‘ਤੇ ਧਰਨੇ ਦਿੱਤੇ ਗਏ। ਇਸੇ ਤਹਿਤ ਭਾਕਿਯੂ ਏਕਤਾ ਵੱਲੋਂ ਜ਼ਿਲ੍ਹਾ ਆਗੂ ਕੁਲਵਿੰਦਰ ਸਿੰਘ ਸੋਨੀ ਦੀ ਅਗਵਾਈ ਹੇਠ ਕੌਪਰੇਟਿਵ ਬੈਂਕ ਦੇ ਹੈੱਡ ਆਫਿਸ ਸੰਗਰੂਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ ਅਤੇ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਹਿਕਾਰੀ ਸਭਾਵਾਂ ਰਾਹੀਂ ਵਧਾਏ ਗਏ ਖੇਤੀ ਹੱਦ ਕਰਜ਼ਿਆਂ ਮੁਤਾਬਕ ਕਿਸਾਨਾਂ ਨੂੰ ਲੋੜੀਂਦੀ ਖਾਦ ਸਮੱਗਰੀ ਅਤੇ ਨਗਦ ਰਕਮ ਤੁਰੰਤ ਜਾਰੀ ਕੀਤੀ ਜਾਵੇ, ਤਾਂ ਜੋ ਕਿਸਾਨਾਂ ਨੂੰ ਆਰਥਿਕ ਸਹਾਇਤਾ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੀਆਂ ਲਾਗਤਾਂ, ਮਜ਼ਦੂਰੀ, ਮਸ਼ੀਨਰੀ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਕਿਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹੋ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਵਧਾਏ ਗਏ ਹੱਦ ਕਰਜ਼ੇ ਕਿਸਾਨਾਂ ਲਈ ਵੱਡੀ ਰਾਹਤ ਸਾਬਤ ਹੋ ਸਕਦੇ ਹਨ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਾਈਵੇਟ ਬੈਂਕਾਂ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ, ਪਰ ਸਹਿਕਾਰੀ ਬੈਂਕਾਂ ਵਿੱਚ ਲੰਬੇ ਸਮੇਂ ਤੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਹਿਕਾਰੀ ਬੈਂਕਾਂ ਵਿੱਚ ਵੀ ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰੇ, ਤਾਂ ਜੋ ਮਜ਼ਬੂਰੀਵਸ਼ ਡਿਫਾਲਟਰ ਹੋ ਚੁੱਕੇ ਕਿਸਾਨ ਆਪਣੇ ਖਾਤੇ ਰੈਗੂਲਰ ਕਰ ਸਕਣ। ਆਗੂਆਂ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਮਜ਼ਬੂਤ ਬਣਾਉਣ ਲਈ ਯੂਰੀਆ, ਡੀਏਪੀ, ਜ਼ਿੰਕ ਅਤੇ ਪੋਟਾਸ ਵਰਗੀਆਂ ਲੋੜੀਂਦੀਆਂ ਖਾਦਾਂ ਦੀ ਸਪਲਾਈ ਪਹਿਲ ਦੇ ਆਧਾਰ ‘ਤੇ ਯਕੀਨੀ ਬਣਾਈ ਜਾਵੇ। ਉਨ੍ਹਾਂ ਨੈਨੋ ਯੂਰੀਆ ਸਮੇਤ ਬੇਲੋੜੀਆਂ ਵਸਤਾਂ ਕਿਸਾਨਾਂ ਨੂੰ ਜ਼ਬਰਦਸਤੀ ਦੇਣ ‘ਤੇ ਪਾਬੰਦੀ ਲਗਾਉਣ ਅਤੇ ਇਸ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਵਿੱਚ ਨਵੇਂ ਖਾਤੇ ਖੋਲ੍ਹਣ ਦੀ ਪ੍ਰਕਿਰਿਆ ਤੇਜ਼ ਕਰਨ ਅਤੇ ਨਵੀਆਂ ਪਾਸਬੁੱਕਾਂ ਬਣਵਾ ਚੁੱਕੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਲੋੜੀਂਦੀਆਂ ਵਸਤਾਂ ਸਮੇਤ ਨਗਦ ਕਰਜ਼ਾ ਤੁਰੰਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਬਲਜੀਤ ਕੌਰ ਕਿਲਾਭਰੀਆਂ, ਰਾਜ ਸਿੰਘ ਥੇੜੀ, ਅਮਰ ਲੌਂਗੋਵਾਲ, ਜਸਵੀਰ ਸਿੰਘ ਮੈਦੇਵਾਸ, ਹੈਪੀ ਨਮੋਲ, ਸੁਖਦੇਵ ਸ਼ਰਮਾ, ਸੰਤ ਰਾਮ ਛਾਜਲੀ, ਸੁਖਵਿੰਦਰ ਪੇਧਨੀ, ਹਰਦੇਵ ਕੁਲਾਰ, ਕਰਮਜੀਤ ਕੌਰ ਭਿੰਡਰਾਂ, ਮੱਖਣ ਪਾਪੜਾ, ਮਿੱਠੂ ਸਿੰਘ ਤੁੰਗਾਂ, ਅਮਨਦੀਪ ਮੰਡਵੀ, ਜੱਗਰ ਸ਼ਾਹਪੁਰ, ਬਲਵਿੰਦਰ ਲੱਖੇਵਾਲ, ਗੋਬਿੰਦਰ ਮੰਗਵਾਲ ਅਤੇ ਸ਼ਿੰਦਰ ਬਡਰੁੱਖਾਂ ਹਾਜ਼ਰ ਸਨ।