ਪਿੰਡ ਵਜੀਦਕੇ ਖੁਰਦ ਦੇ ਟੁੱਟੇ ਨਹਿਰੀ ਖਾਲਾਂ ਕਾਰਨ ਕਿਸਾਨਾਂ ’ਚ ਭਾਰੀ ਰੋਸ
ਪਿੰਡ ਵਜੀਦਕੇ ਖੁਰਦ ਦੇ ਟੁੱਟੇ ਨਹਿਰੀ ਖਾਲਾਂ ਕਾਰਨ ਕਿਸਾਨਾਂ ’ਚ ਭਾਰੀ ਰੋਸ
Publish Date: Thu, 28 May 2026 04:17 PM (IST)
Updated Date: Fri, 29 May 2026 04:02 AM (IST)

ਖੇਤਾਂ ਤੱਕ ਨਹੀਂ ਪਹੁੰਚ ਰਿਹਾ ਪਾਣੀ, ਕਿਸਾਨਾਂ ਵੱਲੋਂ ਸਰਕਾਰ ਅਤੇ ਨਹਿਰੀ ਵਿਭਾਗ ਖ਼ਿਲਾਫ਼ ਤਿੱਖਾ ਪ੍ਰਦਰਸ਼ਨ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡਾ ਸੰਘਰਸ਼ ਵਿੱਢਣ ਦੀ ਚੇਤਾਵਨੀ ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਵਿਧਾਨ ਸਭਾ ਹਲਕਾ ਮਹਿਲਕਲਾਂ ਅਧੀਨ ਪੈਂਦੇ ਪਿੰਡ ਵਜੀਦਕੇ ਖੁਰਦ ਵਿਖੇ ਨਹਿਰੀ ਖਾਲਾਂ ਦੀ ਖਸਤਾਹਾਲ ਹਾਲਤ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਲ ਥਾਂ-ਥਾਂ ਤੋਂ ਟੁੱਟੇ ਤੇ ਖਸਤਾ ਹਾਲਤ ’ਚ ਪਏ ਹੋਣ ਕਾਰਨ ਨਹਿਰੀ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਰਿਹਾ, ਜਿਸ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਦੀ ਬਿਜਾਈ ਤੇ ਸਿੰਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਗੰਭੀਰ ਸਮੱਸਿਆ ਤੋਂ ਗੁੱਸੇ ’ਚ ਆਏ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਤੇ ਖਾਲਾਂ ਦੀ ਤੁਰੰਤ ਮੁਰੰਮਤ ਦੀ ਮੰਗ ਉਠਾਈ। ਰੋਸ ਪ੍ਰਦਰਸ਼ਨ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਕਲਿਆਣ ਰਜਵਾਹੇ ’ਚੋਂ ਪਿੰਡ ਵਜੀਦਕੇ ਖੁਰਦ ਦੇ ਖੇਤਾਂ ਲਈ ਆਉਣ ਵਾਲੇ ਖਾਲਾਂ ਦੀ ਹਾਲਤ ਲੰਮੇ ਸਮੇਂ ਤੋਂ ਬਹੁਤ ਮਾੜੀ ਬਣੀ ਹੋਈ ਹੈ। ਕਈ ਥਾਵਾਂ ’ਤੇ ਖਾਲਾਂ ਟੁੱਟ ਚੁੱਕੀਆਂ ਹਨ ਤੇ ਮਿੱਟੀ ਧੱਸਣ ਕਾਰਨ ਪਾਣੀ ਰਸਤੇ ’ਚ ਹੀ ਲੀਕ ਹੋ ਕੇ ਵਿਅਰਥ ਵਹਿ ਜਾਂਦਾ ਹੈ। ਇਸ ਕਾਰਨ ਪਿੰਡ ਦੇ ਵੱਡੇ ਹਿੱਸੇ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਅਤੇ ਕਿਸਾਨ ਆਪਣੀਆਂ ਫਸਲਾਂ ਦੀ ਸਿੰਜਾਈ ਲਈ ਪ੍ਰੇਸ਼ਾਨ ਹੋ ਰਹੇ ਹਨ। ਕਿਸਾਨ ਆਗੂ ਗਗਨਦੀਪ ਸਿੰਘ ਹੁੰਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਪੂਰੀ ਸਹੂਲਤ ਦੇਣ ਦੇ ਕੀਤੇ ਜਾ ਰਹੇ ਦਾਅਵੇ ਜ਼ਮੀਨੀ ਪੱਧਰ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਕਿਸਾਨ ਲੰਮੇ ਸਮੇਂ ਤੋਂ ਖਾਲਾਂ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ, ਪਰ ਨਹਿਰੀ ਵਿਭਾਗ ਦੇ ਅਧਿਕਾਰੀ ਕੋਈ ਧਿਆਨ ਨਹੀਂ ਦੇ ਰਹੇ। ਉਨ੍ਹਾਂ ਦੋਸ਼ ਲਗਾਇਆ ਕਿ ਨਹਿਰੀ ਪਟਵਾਰੀ ਅਤੇ ਵਿਭਾਗੀ ਅਧਿਕਾਰੀ ਰੋਜ਼ਾਨਾ ਖਾਲਾਂ ਦੀ ਹਾਲਤ ਵੇਖਣ ਦੇ ਬਾਵਜੂਦ ਵੀ ਮਸਲੇ ਨੂੰ ਹੱਲ ਕਰਨ ਲਈ ਕੋਈ ਢੰਗ ਦੀ ਕਾਰਵਾਈ ਨਹੀਂ ਕਰ ਰਹੇ। ਕਿਸਾਨਾਂ ਨੇ ਦੱਸਿਆ ਕਿ ਖਾਲਾਂ ਦੀ ਟੁੱਟ-ਫੁੱਟ ਕਾਰਨ ਸਿਰਫ ਕੁਝ ਖੇਤਰਾਂ ਤੱਕ ਹੀ ਪਾਣੀ ਪਹੁੰਚ ਰਿਹਾ ਹੈ ਅਤੇ ਕਈ ਕਿਸਾਨ ਆਪਣੇ ਪੱਧਰ ’ਤੇ ਖਾਲਾਂ ਦੀ ਅਸਥਾਈ ਮੁਰੰਮਤ ਕਰਵਾ ਕੇ ਕਰੀਬ 100 ਏਕੜ ਤੱਕ ਹੀ ਪਾਣੀ ਲਿਜਾਣ ਲਈ ਮਜਬੂਰ ਹਨ। ਜਦਕਿ ਵੱਡੀ ਗਿਣਤੀ ’ਚ ਕਿਸਾਨ ਨਹਿਰੀ ਪਾਣੀ ਦੀ ਸਹੂਲਤ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮਹਿੰਗੀ ਖੇਤੀ, ਡੀਜ਼ਲ ਅਤੇ ਬਿਜਲੀ ਦੇ ਵਧਦੇ ਰੇਟਾਂ ਕਾਰਨ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਦੂਜੇ ਪਾਸੇ ਨਹਿਰੀ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਰਹੀਆਂ ਹਨ। ਕਿਸਾਨ ਆਗੂਆਂ ਜਗਸੀਰ ਸਿੰਘ, ਬਿੱਟੂ ਸਿੰਘ, ਤਾਰੀ ਸਿੰਘ, ਗੁਰੀ ਠੁੱਲੀਵਾਲੀਆ, ਜੱਸਾ ਸਿੰਘ, ਸੁਖਦੇਵ ਸਿੰਘ ਠੱਕਰਵਾਲੀਆ, ਕਾਬਲ ਸਿੰਘ ਘੁਮਾਣ, ਅਵਤਾਰ ਸਿੰਘ ਚੰਡੀਗੜ੍ਹੀਆ, ਹਰਪ੍ਰੀਤ ਸਿੰਘ ਅਤੇ ਨਵਦੀਪ ਸਿੰਘ ਨੇ ਕਿਹਾ ਕਿ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਵੀ ਸਥਿਤੀ ਤੋਂ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਟੁੱਟੇ ਹੋਏ ਖਾਲਾਂ ਦੀ ਮੁਰੰਮਤ ਕਰਵਾ ਕੇ ਨਹਿਰੀ ਪਾਣੀ ਦੀ ਪੂਰੀ ਸਹੂਲਤ ਨਾ ਦਿੱਤੀ ਗਈ ਤਾਂ ਆਉਣ ਵਾਲੇ ਦਿਨਾਂ ’ਚ ਵੱਡਾ ਅਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਕਿਸਾਨ ਅਤੇ ਪਿੰਡ ਵਾਸੀ ਮੌਜੂਦ ਰਹੇ, ਜਿਨ੍ਹਾਂ ਨੇ ਇੱਕਜੁੱਟ ਹੋ ਕੇ ਖਾਲਾਂ ਦੀ ਤੁਰੰਤ ਮੁਰੰਮਤ ਅਤੇ ਨਹਿਰੀ ਪਾਣੀ ਦੀ ਸੁਚੱਜੀ ਸਪਲਾਈ ਦੀ ਮੰਗ ਕੀਤੀ। ਉਧਰ ਦੂਜੇ ਪਾਸੇ ਨਹਿਰੀ ਵਿਭਾਗ ਦੇ ਐਸਡੀਓ ਹਰਪ੍ਰੀਤ ਸਿੰਘ ਨੇ ਸੰਪਰਕ ਕਰਨ ਦੇ ਕਿਹਾ ਕਿ ਸਾਡੇ ਕੋਲ ਅਜੇ ਅੱਜ ਤੱਕ ਕਿਸੇ ਨੇ ਕੋਈ ਲਿਖਤੀ ਕੋਈ ਅਜਿਹੀ ਕੋਈ ਸ਼ਿਕਾਇਤ ਨਹੀਂ ਭੇਜੀ। ਜੇਕਰ ਕੋਈ ਸ਼ਿਕਾਇਤਾਂ ਤਾਂ ਉਹ ਸਾਡੇ ਨਾਲ ਸੰਪਰਕ ਕਰਕੇ ਦੱਸਣ ਤਾਂ ਜੋ ਕਿ ਉਸ ਮੁਸ਼ਕਿਲ ਨੂੰ ਹੱਲ ਕੀਤਾ ਜਾ ਸਕੇ।