ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਬਿਜਲੀ ਕੱਟਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
Publish Date: Sun, 26 Apr 2026 06:20 PM (IST)
Updated Date: Mon, 27 Apr 2026 04:13 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਪ੍ਰਬੰਧਕ ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਬਿਜਲੀ ਗਰਿੱਡ ਸ਼ਹਿਣਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ 2 ਘੰਟੇ ਲਈ ਧਰਨਾ ਲਾਇਆ ਗਿਆ । ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਅਤੇ ਆਪਣੀ ਪਿੱਠ ਥਾਪੜਦੇ ਰਹਿੰਦੇ ਹਨ ਪਰ ਹੈ ਇਸ ਦੇ ਉਲਟ ਕਿ ਸ਼ਹਿਰੀ ਖੇਤਰ ’ਚ 8 ਤੋਂ 11 ਅਤੇ 12 ਤੋਂ 4 ਵਜੇ ਤੱਕ ਬਿਜਲੀ ਦੇ ਕੱਟ ਲਾਏ ਜਾਂਦੇ ਹਨ, ਤੇ ਦਿਨ ਸਮੇਂ ਵੀ ਲੰਮੇ ਕੱਟ ਲੱਗ ਰਹੇ ਹਨ ਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਬੁਰਾ ਹਾਲ ਹੈ, ਇਨ੍ਹਾਂ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮਚੀ ਪਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਜੇ ਤਾਂ ਝੋਨੇ ਦਾ ਸੀਜ਼ਨ ਆਉਣਾ ਬਾਕੀ ਹੈ, ਪਤਾ ਨਹੀਂ ਕੀ ਹਾਲਾਤ ਬਣਨਗੇ, ਇਸ ਨੂੰ ਲੈ ਕੇ ਪੰਜਾਬ ਦੇ ਲੋਕ ਗੰਭੀਰ ਚਿੰਤਾ ’ਚ ਹਨ ਪਰ ਪੰਜਾਬ ਦਾ ਮੁੱਖ ਮੰਤਰੀ ਵਿਦੇਸ਼ਾਂ ਦੇ ਟੂਰ ਕਰ ਰਿਹਾ ਪਰ ਸਰਕਾਰ ਇਸ ਨੂੰ ਹੱਲ ਕਰਨ ਲਈ ਕੋਈ ਚਿੰਤਾ ਵਿਚ ਨਜ਼ਰ ਨਹੀਂ ਆ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਕੋਈ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕਰਾਂਗੇ ਤੇ ਰੋਡ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੰਡੀਆਂ ’ਚ ਕਿਸਾਨਾਂ ਦਾ ਬੁਰਾ ਹਾਲ ਹੈ, ਕੋਈ ਪ੍ਰਬੰਧ ਨਹੀਂ ਹਨ, ਲੋਕ ਧੁੱਪਾਂ ’ਚ ਬੈਠਣ ਲਈ ਮਜਬੂਰ ਹਨ। ਇਸ ਮੌਕੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।