ਲੌਂਗੋਵਾਲ ’ਚ ਕਿਸਾਨ ਜੰਗਲੀ ਸੂਰਾਂ ਤੋਂ ਪਰੇਸ਼ਾਨ
ਲੌਂਗੋਵਾਲ ’ਚ ਕਿਸਾਨ ਜੰਗਲੀ ਸੂਰਾਂ ਤੋਂ ਪ੍ਰੇਸ਼ਾਨ
Publish Date: Wed, 25 Mar 2026 04:59 PM (IST)
Updated Date: Wed, 25 Mar 2026 05:02 PM (IST)
- ਤਹਿਸੀਲ ਕੰਪਲੈਕਸ ਅੱਗੇ ਧਰਨਾ ਦੇ ਕੇ ਕੀਤਾ ਚੱਕਾ ਜਾਮ
- ਜੰਗਲਾਤ ਮਹਿਕਮੇ ਨੇ ਮਾਮਲਾ ਹੱਲ ਕਰਨ ਦਾ ਦਿੱਤਾ ਭਰੋਸਾ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਲੌਂਗੋਵਾਲ ਵਿੱਚ ਜੰਗਲੀ ਸੂਰਾਂ ਦੇ ਝੁੰਡਾਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਨ ਤੋਂ ਅੱਕੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਬੁੱਧਵਾਰ ਨੂੰ ਪਹਿਲਾਂ ਸਵੇਰੇ 10 ਵਜੇ ਤਹਿਸੀਲ ਕੰਪਲੈਕਸ ਅੰਦਰ ਰੋਸ ਧਰਨਾ ਦਿੱਤਾ ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ 12 ਵਜੇ ਤਹਿਸੀਲ ਦੇ ਸਾਹਮਣੇ ਲੌਂਗੋਵਾਲ-ਬਰਨਾਲਾ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਕਰੀਬ 2 ਵਜੇ ਜੰਗਲਾਤ ਵਿਭਾਗ ਦੇ ਰੇਂਜ ਅਫਸਰ ਸੁਖਬੀਰ ਸਿੰਘ ਵੱਲੋਂ ਕਿਸਾਨਾਂ ਤੋਂ ਮੰਗ ਪੱਤਰ ਪ੍ਰਾਪਤ ਕਰ ਕੇ ਜਲਦੀ ਹੀ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਾਮਲਾ ਹੱਲ ਨਾ ਹੋਇਆ ਤਾਂ 2 ਅਪ੍ਰੈਲ ਨੂੰ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁੱਲਟ ਨੇ ਦੱਸਿਆ ਕਿ ਇਲਾਕੇ ਦੇ ਕਿਸਾਨ ਪਿਛਲੇ ਤਿੰਨ ਸਾਲ ਤੋਂ ਜੰਗਲੀ ਸੂਰਾਂ ਤੋਂ ਪਰੇਸ਼ਾਨ ਹਨ। ਖੇਤਾਂ ਵਿੱਚ ਜੰਗਲੀ ਸੂਰ ਕਿਸਾਨਾਂ ਦਾ ਪਾਇਆ ਹੋਇਆ ਮੱਕੀ ਦਾ ਅਚਾਰ (ਸਾਈਲੇਜ) ਬਰਬਾਦ ਕਰ ਦਿੰਦੇ ਹਨ। ਫਸਲਾਂ ਅਤੇ ਘਰੇਲੂ ਲੋੜਾਂ ਲਈ ਖੇਤ ਵਿੱਚ ਲਾਈਆਂ ਸਬਜ਼ੀਆਂ ਦੀਆਂ ਬਗੀਚੀਆਂ ਬਰਬਾਦ ਕਰ ਜਾਂਦੇ ਹਨ। ਜਦੋਂ ਕਿਸਾਨ ਆਪਣੇ ਕੰਮ ਕਰਨ ਲਈ ਇਕੱਲੇ ਖੇਤਾਂ ਵਿੱਚ ਜਾਂਦੇ ਹਨ ਤਾਂ ਕਿਸੇ ਝੁੰਡ ਨਾਲ ਸਾਹਮਣਾ ਹੋ ਜਾਣ ’ਤੇ ਇਹ ਹਮਲਾਵਰ ਵੀ ਹੋ ਜਾਂਦੇ ਹਨ ਜਿਸ ਕਰ ਕੇ ਕਿਸਾਨਾਂ ਨੂੰ ਇਨ੍ਹਾਂ ਤੋਂ ਆਪਣੀ ਜਾਨ ਦਾ ਖੌਅ ਵੀ ਬਣਿਆ ਹੋਇਆ ਹੈ। ਇਸ ਸਬੰਧੀ 19 ਮਾਰਚ ਨੂੰ ਨਾਇਬ ਤਹਿਸੀਲਦਾਰ ਦੇ ਦਫਤਰ ਮੰਗ ਪੱਤਰ ਦੇ ਕੇ ਮਾਮਲਾ ਹੱਲ ਕਰਨ ਦੀ ਮੰਗ ਕੀਤੀ ਸੀ। ਪਰ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਜਦੋਂ ਕੋਈ ਸੁਣਵਾਈ ਨਾ ਹੋਈ। ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਜੰਗਲੀ ਜਾਨਵਰਾਂ ਦੁਆਰਾ ਬਰਬਾਦ ਕੀਤੀ ਫਸਲ ਦਾ ਮੁਆਵਜ਼ਾ ਦੇਵੇ ਅਤੇ ਸਾਰੀਆਂ ਫਸਲਾਂ ਦਾ ਬੀਮਾ ਸਰਕਾਰੀ ਖਰਚੇ ’ਤੇ ਕੀਤਾ ਜਾਵੇ। ਇਸ ਮੌਕੇ ਬੀਕੇਯੂ ਡਕੌਂਦਾ ਬੁਰਜ ਗਿੱਲ, ਭੋਲਾ ਸਿੰਘ, ਪਰਗਟ ਸਿੰਘ, ਉਗਰਾਹਾਂ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਤਵਿੰਦਰ ਸਿੰਘ ਬਹਾਦਰਪੁਰ, ਅੰਬੀ ਬਰਾੜ, ਕਰਮਾ ਸਿੰਘ, ਭੋਲਾ ਸਿੰਘ, ਮੱਘਰ ਸਿੰਘ ਗਿੱਲ, ਗੁਰਮੇਲ ਸਿੰਘ ਗੰਢੂਆਂ ਆਦਿ ਹਾਜ਼ਰ ਸਨ।