ਕਿਸਾਨਾਂ ਨੇ ਕੀਤੇ ਵਿਧਾਇਕ ਨੂੰ ਸਵਾਲ, ਪੁਲਿਸ ਨੇ ਥਾਣੇ ਕੀਤੇ ਬੰਦ
ਕਿਸਾਨਾਂ ਨੇ ਕੀਤੇ ਵਿਧਾਇਕ ਨੂੰ ਸਵਾਲ, ਪੁਲਿਸ ਨੇ ਥਾਣੇ ਕੀਤੇ ਬੰਦ
Publish Date: Wed, 15 Apr 2026 05:38 PM (IST)
Updated Date: Wed, 15 Apr 2026 05:42 PM (IST)

- ਪਿੰਡ ਭਿੰਡਰਾਂ ਦੇ 16 ਕਿਸਾਨ ਲਏ ਹਿਰਾਸਤ ’ਚ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ ਸੰਗਰੂਰ : ਪਿੰਡ ਭਿੰਡਰਾਂ ਵਿੱਚ ਸਥਿਤ ਸਕੂਲ ਦੇ ਨਵੇਂ ਕੰਪਿਊਟਰਾਂ ਦਾ ਉਦਘਾਟਨ ਕਰਨ ਪੁੱਜੀ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਕਣਕ ਦੀ ਖ਼ਰੀਦ ਨਾ ਹੋਣ ਸਬੰਧੀ ਸਵਾਲ ਕੀਤਾ ਤਾਂ ਪੁਲਿਸ ਨੇ 16 ਕਿਸਾਨਾਂ ਜਿਨ੍ਹਾਂ ਵਿੱਚ 5 ਔਰਤਾਂ ਵੀ ਸ਼ਾਮਲ ਸਨ, ਨੂੰ ਹਿਰਾਸਤ ਵਿੱਚ ਲੈ ਕੇ ਸੰਗਰੂਰ ਦੇ ਸਿਟੀ ਥਾਣੇ ਵਿੱਚ ਬੰਦ ਕਰ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਭਿੰਡਰਾਂ ਦੀ ਪੰਚਾਇਤ ਨੇ ਪਿਛਲੇ ਦਿਨੀਂ ਮਤਾ ਪਾਇਆ ਸੀ ਕਿ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਮਾਣਾ ਵਿੱਚ ਚੱਲ ਸੰਘਰਸ਼ ਦਾ ਨਿਬੇੜਾ ਨਹੀਂ ਹੁੰਦਾ, ਉਦੋਂ ਤੱਕ ਪਿੰਡ ਵਿੱਚ ਕੋਈ ਵੀ ਸਿਆਸੀ ਆਗੂ ਜਾਂ ਲੀਡਰ ਨਾ ਆਵੇ। ਪਰ ਬੁੱਧਵਾਰ ਨੂੰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਦੇ ਮਤੇ ਦੀ ਉਲੰਘਣਾ ਕਰਦਿਆਂ ਪਿੰਡ ਦੇ ਸਕੂਲ ਵਿੱਚ ਨਵੇਂ ਆਏ ਕੰਪਿਊਟਰਾਂ ਦਾ ਉਦਘਾਟਨ ਕਰਨ ਪੁੱਜ ਗਏ। ਉਨ੍ਹਾਂ ਨੂੰ ਵੇਖ ਕੇ ਪਿੰਡ ਵਾਸੀਆਂ ਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਆਪਣਾ ਵਿਰੋਧ ਪ੍ਰਗਟਾਇਆ। ਇਸੇ ਦੌਰਾਨ ਪਿੰਡ ਦੀ ਅਨਾਜ ਮੰਡੀ ਵਿੱਚ ਆਪਣੀ ਫਸਲ ਲੈ ਕੇ ਪਿਛਲੇ ਕਈ ਦਿਨਾਂ ਤੋਂ ਬੈਠੇ ਕਿਸਾਨਾਂ ਨੂੰ ਜਦੋਂ ਵਿਧਾਇਕ ਦੇ ਪਿੰਡ ਆਉਣ ਦਾ ਪਤਾ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਏ ਅਤੇ ਵਿਧਾਇਕ ਨੂੰ ਆਪਣੀ ਫਸਲ ਦੀ ਬੋਲੀ ਨਾ ਲੱਗਣ ਸਬੰਧੀ ਸਵਾਲ ਜਵਾਬ ਕਰਨ ਲੱਗੇ। ਜਿਸ ਕਾਰਨ ਦੋਵਾਂ ਧਿਰਾਂ ਵਿਚਕਾਰ ਤੂੰ-ਤੂੰ-ਮੈਂ-ਮੈਂ ਸ਼ੁਰੂ ਹੋ ਗਈ। ਮੌਕੇ ’ਤੇ ਪੁੱਜੀ ਪੁਲਿਸ ਨੇ 16 ਕਿਸਾਨਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਬੰਦ ਕਰ ਦਿੱਤਾ। ਹਿਰਾਸਤ ਵਿੱਚ ਲਏ ਲੋਕਾਂ ਵਿਚ ਕਸ਼ਮੀਰ ਸਿੰਘ, ਗੁਰਚਰਨ ਸਿੰਘ, ਮਨਜੀਤ ਸਿੰਘ ਸਾਬਕਾ ਸਰਪੰਚ, ਮੇਘ ਸਿੰਘ, ਮੇਜਰ ਸਿੰਘ, ਮਹਿੰਦਰ ਸਿੰਘ, ਜਗਦੇਵ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ, ਅਜੈਬ ਸਿੰਘ, ਜਰਨੈਲ ਕੌਰ, ਮਨਜੀਤ ਕੌਰ, ਹਰਬੰਸ ਕੌਰ, ਕਰਮਜੀਤ ਕੌਰ, ਪਰਮਜੀਤ ਕੌਰ, ਬਲਜੀਤ ਸਿੰਘ ਆਦਿ ਸ਼ਾਮਲ ਸਨ। ਜਦੋਂ ਇਸ ਸਬੰਧੀ ਕਿਸਾਨ ਯੂਨੀਅਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਥਾਣਾ ਸਿਟੀ ਅੱਗੇ ਰੋਸ ਧਰਨਾ ਲਾ ਕੇ ਹਿਰਾਸਤ ਵਿੱਚ ਲਏ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸੇ ਦੌਰਾਨ ਕਾਂਗਰਸੀ ਆਗੂ ਵੀ ਕਿਸਾਨਾਂ ਦੇ ਧਰਨੇ ਦੇ ਸਮਰਥਣ ਵਿੱਚ ਆ ਗਏ। ਕਾਂਗਰਸੀ ਆਗੂ ਹਰਪਾਲ ਸੋਨੂੰ, ਰੋਕੀ ਬਾਂਸਲ, ਮਨੀ ਕਥੂਰੀਆਂ, ਨਵੀਨ ਕੁਮਾਰ ਬੱਗਾ ਨੇ ਕਿਹਾ ਕਿ ਆਮ ਆਦਮੀ ਦੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ਰੇਆਮ ਕਿਸਾਨਾਂ ’ਤੇ ਗੁੰਡਾਗਰਦੀ ਕਰ ਕੇ ਆਪਣਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ। ਪਰ ਅਜਿਹੀ ਧੱਕੇਸ਼ਾਹੀ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਵਿਧਾਇਕ ਨੂੰ ਇਸ ਦਾ ਖਮਿਆਜ਼ਾ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਕਰੀਬ ਢਾਈ ਤਿੰਨ ਘੰਟਿਆਂ ਬਾਅਦ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ। ਪਿੰਡ ਭਿੰਡਰਾਂ ਦੇ ਸਾਬਕਾ ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਨਾ ਹੋਣ ਕਾਰਨ 400 ਢੇਰੀਆਂ ਪਈਆਂ ਹਨ ਅਤੇ ਅਨਾਜ ਮੰਡੀ ਵਿੱਚ ਕਣਕ ਸੁੱਟਣ ਨੂੰ ਵੀ ਹੁਣ ਥਾਂ ਨਹੀਂ ਬਚੀ। ਜਿਸ ਕਾਰਨ ਵਿਧਾਇਕ ਨੂੰ ਬੇਨਤੀ ਕੀਤੀ ਗਈ ਕਿ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਜਾਵੇ, ਪਰ ਵਿਧਾਇਕ ਨੇ ਕੋਈ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਥਾਣੇ ਬੰਦ ਕਰਵਾ ਦਿੱਤਾ।