ਕਾਰ ਦਰੱਖਤ ਨਾਲ ਟਕਰਾਈ, ਕਾਰ ਸਵਾਰ 2 ਸਕੇ ਭਰਾਵਾਂ ’ਚੋਂ ਇੱਕ ਦੀ ਮੌਤ ਦੂਜਾ ਜ਼ਖਮੀ
ਬੇਕਾਬੂ ਕਾਰ ਦਰੱਖਤ ਨਾਲ ਟਕਰਾਈ, ਕਾਰ ਸਵਾਰ ਦੋ ਸਕੇ ਭਰਾਵਾਂ ’ਚੋਂ ਇੱਕ ਦੀ ਮੌਤ ਇੱਕ ਭਰਾ ਜ਼ਖਮੀ
Publish Date: Mon, 27 Apr 2026 04:11 PM (IST)
Updated Date: Tue, 28 Apr 2026 04:02 AM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ : ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਖਿਆਲੀ ਵਿਖੇ ਇਕ ਦਰਦਨਾਕ ਸੜਕ ਹਾਦਸੇ ’ਚ ਕਾਰ ਸਵਾਰ ਦੋ ਭਰਾਵਾਂ ’ਚੋਂ ਇੱਕ ਦੀ ਮੌਤ ਹੋ ਗਈ ਜਦਕਿ ਦੂਜਾ ਭਰਾ ਜ਼ਖ਼ਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਸਹਾਇਕ ਉਪ ਇੰਸਪੈਕਟਰ ਗੁਰਨਾਮ ਸਿੰਘ ਚੁਹਾਨਕੇ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਤੇ ਰਵਿੰਦਰਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਿਆਲੀ ਆਪਣੀ ਕਾਰ ਰਾਹੀਂ ਪਿੰਡ ਤੋਂ ਸਹੋਰ ਵਿਖੇ ਕੰਮਕਾਜ ਲਈ ਗਏ ਹੋਏ ਸਨ। ਸ਼ਾਮ 6 ਵਜੇ ਉਹ ਆਪਣਾ ਕੰਮ ਮੁਕਾ ਕੇ ਵਾਪਸ ਪਿੰਡ ਆ ਰਹੇ ਸਨ ਕਿ ਸਹੋਰ ਦੀ ਹੱਦ ’ਚ ਉਨ੍ਹਾਂ ਦੀ ਕਾਰ ਬੇਕਾਬੂ ਹੋ ਗਈ। ਕਾਰ ਆਕਾਸ਼ਦੀਪ ਸਿੰਘ ਚਲਾ ਰਿਹਾ ਸੀ ਤੇ ਸੰਤੁਲਨ ਵਿਗੜਨ ਕਾਰਨ ਸੜਕ ਕਿਨਾਰੇ ਖੜ੍ਹੇ ਦਰਖਤ ਨਾਲ ਜਾ ਟਕਰਾਈ। ਹਾਦਸੇ ਦੌਰਾਨ 15 ਸਾਲਾ ਰਵਿੰਦਰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਉਸ ਦੇ ਵੱਡੇ ਭਰਾ 18 ਸਾਲਾ ਆਕਾਸ਼ਦੀਪ ਸਿੰਘ ਨੂੰ ਵੀ ਸੱਟਾਂ ਲੱਗੀਆਂ। ਪਰਿਵਾਰਿਕ ਮੈਂਬਰਾਂ ਵੱਲੋਂ ਦੋਵਾਂ ਨੂੰ ਤੁਰੰਤ ਇਲਾਜ ਲਈ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਰਵਿੰਦਰਦੀਪ ਸਿੰਘ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਿਸ ਮੁਤਾਬਕ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਆਕਾਸ਼ਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਠੁੱਲੀਵਾਲ ਪੁਲਿਸ ਵੱਲੋਂ ਧਾਰਾ 194 ਬੀਐੱਨਐੱਸਐੱਸ ਤਹਿਤ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਇਸ ਦਰਦਨਾਕ ਘਟਨਾ ਨਾਲ ਪਿੰਡ ਅਤੇ ਆਸਪਾਸ ਦੇ ਇਲਾਕੇ ’ਚ ਗਹਿਰਾ ਸੋਗ ਛਾ ਗਿਆ ਹੈ।