ਬਰਨਾਲਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ ’ਤੇ ਵੋਟਰ ਸੂਚੀਆਂ ’ਚ ਛੇੜਛਾੜ ਦੇ ਲੱਗੇ ਦੋਸ਼
ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਬਰਨਾਲਾ 'ਚ ਪ੍ਰਸ਼ਾਸਨਿਕ ਅਧਿਕਾਰੀਆਂ 'ਤੇ ਵੋਟਰ ਸੂਚੀਆਂ 'ਚ ਛੇੜਛਾੜ ਦੇ ਲੱਗੇ ਦੋਸ਼
Publish Date: Sun, 17 May 2026 06:13 PM (IST)
Updated Date: Mon, 18 May 2026 04:09 AM (IST)

: ਵਿਧਾਇਕ ਢਿੱਲੋਂ ਨੇ ਮਾਮਲੇ ਦਾ ਲਿਆ ਸਖ਼ਤ ਨੋਟਿਸ ਧਰਨਾ ਦੇ ਕੇ ਸੜਕਾਂ ਜਾਮ ਕਰਨ ਦੀ ਦਿੱਤੀ ਚਿਤਾਵਨੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਨਿਗਮ ਬਰਨਾਲਾ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਰ ਸੂਚੀਆਂ ’ਚ ਦਰਜ ਨਾਵਾਂ ਦੀ ਇਕ ਵਾਰਡ ਤੋਂ ਦੂਜੇ ਵਾਰਡ ਵਿਚ ਤਬਦੀਲੀ ਕਰਨ ਦੀ ਪ੍ਰਕਿਰਿਆ ਨੇ ਬਰਨਾਲਾ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਵੋਟਾਂ ’ਚ ਕੀਤੀ ਜਾ ਰਹੀ ਤਬਦੀਲੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਸੋਮਵਾਰ ਇਸ ਮਾਮਲੇ ’ਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਧਰਨੇ ਤੇ ਬੈਠਣਗੇ ਅਤੇ ਜੇਕਰ ਲੋੜ ਪਈ ਤਾਂ ਬਰਨਾਲਾ ਦੀਆਂ ਸਾਰੀਆਂ ਸੜਕਾਂ ਵੀ ਜਾਮ ਕਰ ਦੇਣਗੇ। ਵਿਧਾਇਕ ਢਿੱਲੋਂ ਨੇ ਆਪਣੇ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਕਿ ਉਹਨਾਂ ਨੂੰ ਕੁਝ ਅਜਿਹੇ ਪੱਕੇ ਸਬੂਤ ਮਿਲੇ ਹਨ ਕਿ ਸੱਤਾਧਾਰੀ ਆਗੂਆਂ ਦੇ ਇਸ਼ਾਰੇ ਤੇ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਵੋਟਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਇਸ ਪ੍ਰਕਿਰਿਆ ਦੌਰਾਨ ਕੁਝ ਵੋਟਰਾਂ ਵੱਲੋਂ ਭਰੇ ਫਾਰਮਾਂ ਤੇ ਦਸਤਖ਼ਤ ਵੀ ਜਾਅਲੀ ਕੀਤੇ ਜਾ ਰਹੇ ਹਨ ਜੋ ਲੋਕਤੰਤਰਿਕ ਪ੍ਰਕਿਰਿਆ ਲਈ ਚਿੰਤਾਜਨਕ ਹੈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਉਹਨਾਂ ਨੇ ਇਸ ਮਾਮਲੇ ਵਿੱਚ ਬੀਤੇ ਦਿਨੀਂ ਲਿਖ਼ਤੀ ਤੌਰ ਤੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਕੁਝ ਅਧਿਕਾਰੀਆਂ ਵੱਲੋਂ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਵੋਟਾਂ ਤਬਦੀਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਸਥਾਨਕ ਸੱਤਾਧਾਰੀ ਆਗੂਆਂ ਦੇ ਇਸ਼ਾਰੇ ਤੇ ਹੀ ਕੀਤਾ ਜਾ ਰਿਹਾ ਕਿਉਂਕਿ ਲੋਕਾਂ ਵਿੱਚ ਸਖ਼ਤ ਵਿਰੋਧ ਹੋਣ ਤੋਂ ਬਾਅਦ ਸੱਤਾਧਾਰੀ ਆਗੂਆਂ ਨੂੰ ਆਪਣੀ ਹਾਰ ਨਿਸ਼ਚਿਤ ਦਿਖਾਈ ਦੇ ਰਹੀ ਹੈ। ਵਿਧਾਇਕ ਢਿੱਲੋ ਨੇ ਦੋਸ਼ ਲਗਾਇਆ ਕਿ ਸਥਾਨਕ ਸੱਤਾਧਾਰੀ ਆਗੂ ਆਪਣੀ ਅਸਫ਼ਲਤਾ ਦੇ ਕਾਰਨ ਨਗਰ ਨਿਗਮ ਚੋਣਾਂ ਲੜਨ ਦੀ ਜੁਰਅਤ ਛੱਡ ਬੈਠੇ ਹਨ ਇਸੇ ਲਈ ਉਹ ਚੋਣਾਂ ਲੁੱਟਣ ਦੇ ਰਾਹ ਤੇ ਪਏ ਹੋਏ ਹਨ ਪ੍ਰੰਤੂ ਇਹਨਾਂ ਸੱਤਾਧਾਰੀ ਆਗੂਆਂ ਨੂੰ ਨਿਗਮ ਚੋਣਾਂ ਕਿਸੇ ਵੀ ਤਰੀਕੇ ਨਾਲ ਲੁੱਟਣ ਨਹੀਂ ਦਿੱਤੀਆਂ ਜਾਣਗੀਆਂ। ਵਿਧਾਇਕ ਢਿੱਲੋਂ ਨੇ ਸਖ਼ਤ ਲਹਿਜ਼ੇ ਵਿੱਚ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚੇਤੇ ਕਰਵਾਇਆ ਕਿ ਗ਼ਲਤ ਤਰੀਕੇ ਨਾਲ ਇੱਕ ਵਾਰਡ ਤੋਂ ਦੂਜੇ ਵਾਰਡ ਵਿੱਚ ਤਬਦੀਲ ਕੀਤੀਆਂ ਜਾ ਰਹੀਆਂ ਵੋਟਾਂ ਦੇ ਮਾਮਲੇ ਨੂੰ ਉਹ ਚੋਣ ਪ੍ਰਕਿਰਿਆ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਛੱਡਣਗੇ ਸਗੋਂ ਜੇਕਰ ਇਹ ਮਾਮਲਾ ਹਾਈਕੋਰਟ ਤੱਕ ਲਿਜਾਣਾ ਪਿਆ ਤਾਂ ਉਹ ਲੈ ਕੇ ਜਾਣਗੇ। ਵਿਧਾਇਕ ਢਿੱਲੋ ਨੇ ਇਸ ਪ੍ਰਕਿਰਿਆ ਵਿੱਚ ਸ਼ਾਮਿਲ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਆਗੂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਹਾਈਕੋਰਟ ਦੀਆਂ ਪੌੜੀਆਂ ਨਹੀਂ ਚੜ੍ਹਨੀਆਂ, ਸਗੋਂ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਕੀਤੇ ਜਾ ਰਹੇ ਅਜਿਹੇ ਕੰਮਾਂ ਦਾ ਖਮਿਆਜ਼ਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕੱਲੇ ਹੀ ਭੁਗਤਣਾ ਪਵੇਗਾ। ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਗ਼ਲਤ ਤਰੀਕੇ ਨਾਲ ਵੋਟਰ ਸੂਚੀਆਂ ਵਿੱਚ ਵੋਟਾਂ ਤਬਦੀਲ ਕਰਨ ਸਬੰਧੀ ਕੁਝ ਪੁਖ਼ਤਾ ਸਬੂਤ ਹਨ ਜਿਨਾਂ ਨੂੰ ਲੈ ਕੇ ਉਹ ਸੋਮਵਾਰ ਨੂੰ ਡੀਸੀ ਦਫਤਰ ਅੱਗੇ ਧਰਨਾ ਦੇਣਗੇ ਅਤੇ ਉਹ ਸਾਰੇ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੂੰ ਨਾ ਲੈ ਕੇ ਬਰਨਾਲੇ ਦੀਆਂ ਸੜਕਾਂ ਵੀ ਜਾਮ ਕਰ ਸਕਦੇ ਹਨ। ਸਥਾਨਕ ਵਿਧਾਇਕ ਵੱਲੋਂ ਲਾਏ ਦੋਸ਼ਾਂ ਸਬੰਧੀ ਜਦੋਂ ਬਰਨਾਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਵਿਵੇਕ ਕੁਮਾਰ ਮੋਦੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਰਿਹਾ ਇਹ ਤਾਂ ਉਹ ਜ਼ਰੂਰ ਧਿਆਨ ਦੇਣਗੇ।