ਜੰਗੀ ਲੜਾਈ ਕਾਰਨ ਹੋ ਰਿਹਾ ਵਾਤਾਵਰਣ ਪ੍ਰਦੂਸ਼ਿਤ : ਗਰੇਵਾਲ
ਜੰਗੀ ਲੜਾਈ ਕਾਰਨ ਹੋ ਰਿਹਾ ਵਾਤਾਵਰਨ ਪ੍ਰਦੂਸ਼ਿਤ : ਗਰੇਵਾਲ
Publish Date: Wed, 25 Mar 2026 04:43 PM (IST)
Updated Date: Wed, 25 Mar 2026 04:46 PM (IST)

ਸੱਤਪਾਲ ਸਿੰਘ ਕਾਲਾਬੂਲਾ,ਪੰਜਾਬੀ ਜਾਗਰਣ ਸ਼ੇਰਪੁਰ : ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸਥਾਨਕ ਇਕਾਈ ਵੱਲੋਂ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਵਿਖੇ ਕਨਵੀਨਰ ਸੰਦੀਪ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿੱਚ 28 ਅਤੇ 29 ਮਾਰਚ ਨੂੰ ਮਸਤੂਆਣਾ ਸਾਹਿਬ ਵਿਖੇ ਹੋ ਰਹੀ ਸੂਬਾਈ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਵਿਚਾਰਾਂ ਹੋਈਆਂ। ਆਕਾਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਦੇ ਹਾਲ ਵਿਚ ਇਹ ਕਾਨਫਰੰਸ ਉਸ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਮਿਲ ਕੇ ਈਰਾਨ ਉੱਪਰ ਬਗੈਰ ਕਿਸੇ ਭੜਕਾਹਟ ਤੋਂ ਹਮਲਾ ਕੀਤਾ ਹੋਇਆ ਹੈ। ਜਿਸ ਨਾਲ ਜਿੱਥੇ ਇੱਕ ਪਾਸੇ ਸਾਡੇ ਵਾਤਾਵਰਣੀ ਸਰੋਤਾਂ (ਖ਼ਾਸ ਕਰ ਕੇ ਪੈਟਰੋਲੀਅਮ ਪਦਾਰਥਾਂ ਅਤੇ ਕੁਦਰਤੀ ਗੈਸ) ਦਾ ਘਾਣ ਹੋ ਰਿਹਾ ਹੈ, ਉੱਥੇ ਦੂਜੇ ਪਾਸੇ ਗੋਲਾ-ਬਰੂਦ ਸਾਡੀ ਹਵਾ ਨੂੰ ਪਲੀਤ ਕਰ ਰਿਹਾ ਹੈ। ਜਲਵਾਯੂ ਤਬਦੀਲੀ ਜਦ ਪਹਿਲਾਂ ਹੀ ਆਪਣੇ ਘਾਤਕ ਅਸਰ ਛੱਡ ਰਹੀ ਹੈ। ਜਾਨ-ਮਾਲ ਦਾ ਨੁਕਸਾਨ ਅਤੇ ਪੀਣ ਵਾਲੇ ਪਾਣੀ ਦੇ ਸ੍ਰੋਤਾਂ ’ਤੇ ਹਮਲੇ ਅਮਾਨਵੀਕਰਨ ਦੀ ਪ੍ਰਕਿਰਿਆ ਨੂੰ ਹੋਰ ਵਧਾ ਰਹੇ ਹਨ। ਸੋ ‘ਅਮਰੀਕਾ-ਇਜ਼ਰਾਈਲ ਧੜੇਬੰਦੀ ਦੀ ਖ਼ਾਸ ਕਰ ਫਲਸਤੀਨ ਅਤੇ ਇਰਾਨ ਵਿੱਚ ਭੂਮਿਕਾ ਅਤੇ ਸਾਡੀ ਹੋਂਦ ਨਾਲ ਜੁੜੇ ਸਰੋਤਾਂ’ ’ਤੇ ਪੈ ਰਿਹਾ ਅਸਰ ਵਿਸ਼ੇ ਦੇ ਏਜੰਡੇ ਨੂੰ ਲ਼ੈ ਕੇ 28 ਮਾਰਚ ਨੂੰ ਖੁੱਲ੍ਹਾ ਇਜਲਾਸ ਹੋਵੇਗਾ। ਉਪਰੰਤ ਡੈਲੀਗੇਟ ਇਜਲਾਸ 29 ਮਾਰਚ ਨੂੰ ਹੋਵੇਗਾ, ਜਿਸ ਵਿਚ ਖੇਤੀਬਾੜੀ ਕੀ ਹੈ, ਖੇਤੀ- ਕਿਸਾਨੀ ਦਾ ਸੰਕਟ ਅਤੇ ਇਸ ਤੋਂ ਬਾਹਰ ਨਿਕਲਣ ਸਬੰਧੀ ਵਿਸ਼ੇਸ਼ ਦਸਤਾਵੇਜ਼ ’ਤੇ ਚਰਚਾ। ਅਤੇ ਨਾਲ ਦੀ ਨਾਲ ਪੰਜਾਬ ਦੀ ਮੌਜੂਦਾ ਸਮਾਜਿਕ-ਆਰਥਿਕ, ਰਾਜਨੀਤਿਕ ਅਤੇ ਸੱਭਿਆਚਾਰਕ ਸਥਿਤੀ ਅਤੇ ਇਸ ਸਬੰਧੀ ਸਾਡਾ ਨਜ਼ਰੀਆ ’ਤੇ ਵਿਚਾਰ ਚਰਚਾ ਹੋਵੇਗੀ। ਇਸ ਮੌਕੇ ਹਰਗੋਬਿੰਦ ਸ਼ੇਰਪੁਰ, ਅਮਰਜੀਤ ਸਿੰਘ ਜੱਸੀ, ਸਰਪੰਚ ਰਣਜੀਤ ਸਿੰਘ ਕਾਲ਼ਾਬੂਲਾ, ਕੇਸਰ ਸਿੰਘ ਗਰੇਵਾਲ, ਕਰਮਿੰਦਰ ਸਿੰਘ ਹੇੜੀਕੇ, ਬਹਾਦਰ ਸਿੰਘ ਚੌਧਰੀ, ਸੁਖਜੀਤ ਸਿੰਘ ਰਟੋਲ, ਮਾ. ਨਿਰਮਲ ਸਿੰਘ ਮਾਹਮਦਪੁਰ, ਮਾ. ਈਸ਼ਰ ਸਿੰਘ ਕੁਠਾਲਾ, ਮਾ. ਦਿਆਲ ਸਿੰਘ, ਮਾ. ਰਣਜੀਤ ਸਿੰਘ ਬੜਿੰਗ, ਗੁਰਮੇਲ ਸਿੰਘ ਮੇਘ, ਬਹਾਦਰ ਸਿੰਘ ਢੰਡਾ ਅਤੇ ਬਲਦੇਵ ਸਿੰਘ ਘਨੌਰੀ ਖੁਰਦ ਆਦਿ ਹਾਜ਼ਰ ਸਨ।