ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ਼
ਪੁਲਿਸ ਚੌਂਕੀ ਤੋਂ ਮਹਿਜ 200 ਫੁੱਟ ਦੂਰੀ ’ਤੇ ਨਾ-ਮਲੂਮ ਚੋਰਾਂ ਵੱਲੋਂ ਦੁਕਾਨਾਂ ਦੇ ਸ਼ਟਰ ਤੋੜਕੇ ਚੋਰੀ ਦੀ ਨਾਕਾਮ ਕੋਸ਼ਿਸ਼
Publish Date: Wed, 01 Apr 2026 06:58 PM (IST)
Updated Date: Wed, 01 Apr 2026 07:01 PM (IST)
- ਪੁਲਿਸ ਚੌਕੀ ਤੋਂ ਸਿਰਫ 200 ਫੁੱਟ ਦੀ ਦੂਰੀ ’ਤੇ ਅਣਪਛਾਤੇ ਚੋਰਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਤਪਾ ਮੰਡੀ : ਤਪਾ ਮੰਡੀ ਅੰਦਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ, ਜਿਨ੍ਹਾਂ ਨੂੰ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਰਿਹਾ, ਜਿਨ੍ਹਾਂ ਨੇ ਇੱਕ ਵਾਰ ਫਿਰ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਾ ਕੇ ਰੱਖ ਦਿੱਤੇ ਹਨ। ਪਿਛਲੇ ਲਗਭਗ ਇੱਕ ਮਹੀਨੇ ’ਚ ਤਪਾ ਵਿਖੇ ਤਿੰਨ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਭਾਵੇਂ ਪੁਲਿਸ ਸਰਚ ਮੁਹਿੰਮ ਤਹਿਤ ਲਗਾਤਾਰ ਨਾਕੇ ਲਾ ਕੇ ਚੈਕਿੰਗਾਂ ਕਰ ਰਹੀ ਹੈ ਪਰ ਇਸ ਦਾ ਕੋਈ ਸਾਰਥਿਕ ਰਿਜਲਟ ਨਜ਼ਰ ਨਹੀਂ ਆ ਰਿਹਾ। ਪੁਲਿਸ ਤੋਂ ਬੇਖੌਫ ਹੋਏ ਚੋਰਾਂ ਨੇ ਬੀਤੀ ਰਾਤ ਪੁਲਿਸ ਚੌਕੀ ਤੋਂ ਸਿਰਫ ਕੁਝ ਹੀ ਦੂਰੀ ’ਤੇ ਸਥਿਤ ਦੋ ਮੋਬਾਈਲ ਦੀਆਂ ਦੁਕਾਨਾਂ ਦੇ ਜਿੰਦਰੇ ਤੋੜੇ ਪਰ ਚੋਰੀ ਕਰਨ ’ਚ ਸਫਲ ਨਹੀਂ ਹੋ ਸਕੇ ਤੇ ਦੁਕਾਨਦਾਰਾਂ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ।
ਇਸ ਸਬੰਧੀ ਅਰੋੜਾ ਟੈਲੀਕਾਮ ਦੇ ਮਾਲਕ ਅਮਨ ਕੁਮਾਰ ਅਤੇ ਸੰਤ ਚਿਤਾਨੰਦ ਟੈਲੀਕਾਮ ਦੇ ਮਾਲਕ ਲਲਿਤ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨਾਂ ’ਤੇ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ। ਹਾਲਾਂਕਿ ਸ਼ਟਰ ਨੂੰ ਨੁਕਸਾਨ ਪਹੁੰਚਾਇਆ ਗਿਆ, ਪਰ ਚੋਰ ਅੰਦਰ ਦਾਖਲ ਨਹੀਂ ਹੋ ਸਕੇ ਅਤੇ ਕੋਈ ਵੀ ਸਾਮਾਨ ਚੋਰੀ ਨਹੀਂ ਹੋਇਆ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਇਸ ਉਪਰੰਤ ਥਾਣੇਦਾਰ ਸਤਿਗੁਰ ਸਿੰਘ ਅਤੇ ਸਹਾਇਕ ਕਰਮਚਾਰੀ ਗੁਰਮੇਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਨੇੜਲੇ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲੱਗਾ ਕਿ ਕਰੀਬ ਇੱਕ ਵਜੇ ਇੱਕ ਨਕਾਬਪੋਸ਼ ਚੋਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ’ਚ ਦੁਕਾਨਦਾਰਾਂ ਦਾ ਇਕੱਠ ਹੋ ਗਿਆ। ਪੁਲਿਸ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ ਅਤੇ ਜਲਦੀ ਹੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ’ਚ ਇਸ ਘਟਨਾ ਤੋਂ ਬਾਅਦ ਲੋਕਾਂ ’ਚ ਚਿੰਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਹਿਲਾਂ ਹੋਈਆਂ ਘਟਨਾਵਾਂ ਨੂੰ ਲੱਭਣ ’ਚ ਪੁਲਿਸ ਹਾਲੇ ਤੱਕ ਨਾਕਾਮ ਸਾਬਤ ਹੋਈ ਹੈ।