ਮੋਟਰਾਂ ਦੀਆਂ ਕੇਬਲਾਂ ਚੋਰੀਆਂ ਦਾ ਸਿਲਸਿਲਾ ਤੇਜ, ਕਿਸਾਨਾਂ ਵੱਲੋਂ ਥਾਣਾ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ
ਮੋਟਰਾਂ ਦੀਆਂ ਕੇਬਲਾਂ ਚੋਰੀਆਂ ਦਾ ਸਿਲਸਿਲਾ ਤੇਜ, ਕਿਸਾਨਾਂ ਵੱਲੋਂ ਥਾਣਾ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ
Publish Date: Tue, 12 May 2026 04:45 PM (IST)
Updated Date: Tue, 12 May 2026 04:48 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ ਪੰਜਾਬ ’ਚ ਖੇਤੀਬਾੜੀ ਸਾਜ਼ੋ-ਸਾਮਾਨ ਦੀਆਂ ਵੱਧ ਰਹੀਆਂ ਚੋਰੀਆਂ ਦਰਮਿਆਨ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਸਹਿਜੜਾ ’ਚ ਬੀਤੀ ਰਾਤ ਵੱਡੀ ਚੋਰੀ ਦੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰ ਗਰੋਹ ਵੱਲੋਂ ਇਕੋ ਰਾਤ 11 ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕੇਬਲਾਂ ਵੱਢ ਕੇ ਅਤੇ ਸਟਾਰਟਰ ਚੋਰੀ ਕਰ ਕੇ ਫਰਾਰ ਹੋ ਜਾਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਘਟਨਾ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਗਾਂਧੀ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਮਹਿਲ ਕਲਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ੀਆਂ ਦੀ ਤੁਰੰਤ ਗਿਰਫ਼ਤਾਰੀ ਦੀ ਮੰਗ ਕੀਤੀ। ਆਗੂਆਂ ਕਰਨੈਲ ਸਿੰਘ ਗਾਂਧੀ, ਆੜਤੀ ਜਸਵੀਰ ਸਿੰਘ ਸਹਿਜੜਾ, ਗੁਰਚਰਨ ਸਿੰਘ ਬਾਜਵਾ, ਕੇਵਲ ਸਿੰਘ ਭਗਤ, ਅਮਰਜੀਤ ਸਿੰਘ ਬਾਜਵਾ ਅਤੇ ਮੇਜਰ ਸਿੰਘ, ਜੱਸਾ ਸਿੰਘ ਬਾਜਵਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਸਹਿਜੜਾ ਤੋਂ ਛੀਨੀਵਾਲ ਕਲਾਂ ਨੂੰ ਜਾਂਦੀ ਲਿੰਕ ਸੜਕ ਕੋਲ ਸਥਿਤ ਖੇਤਾਂ ’ਚ ਲੱਗੀਆਂ ਮੋਟਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਕਿਸਾਨ ਜਸਵਿੰਦਰ ਸਿੰਘ ਦੀਆਂ 3 ਮੋਟਰਾਂ ਤੋਂ ਲਗਭਗ 150 ਫੁੱਟ ਕੇਬਲ ਤਾਰ, ਜਗਸੀਰ ਸਿੰਘ ਦੀਆਂ 2 ਮੋਟਰਾਂ ਤੋਂ 50 ਫੁੱਟ ਤਾਰ, ਹਰਜੀਤ ਸਿੰਘ ਦੀਆਂ 2 ਮੋਟਰਾਂ ਤੋਂ 120 ਫੁੱਟ ਕੇਬਲ, ਯਾਦਵਿੰਦਰ ਸਿੰਘ ਦੀ ਮੋਟਰ ਤੋਂ 20 ਫੁੱਟ ਤਾਰ, ਮਨਜਿੰਦਰ ਸਿੰਘ ਦੀ ਮੋਟਰ ਤੋਂ 30 ਫੁੱਟ ਤਾਰ, ਰਾਜਪਾਲ ਸਿੰਘ ਦੀ ਮੋਟਰ ਤੋਂ 60 ਫੁੱਟ ਤਾਰ ਅਤੇ ਕਿਸਾਨ ਗੁਰਮੇਲ ਸਿੰਘ ਦੀ ਮੋਟਰ ਦੀ ਕੋਠੀ ਵਿੱਚੋਂ ਸਟਾਰਟਰ ਚੋਰੀ ਕਰ ਲਿਆ ਗਿਆ। ਕਿਸਾਨਾਂ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਪਸ਼ੂਆਂ ਲਈ ਹਰਾ ਚਾਰਾ ਲੈਣ ਖੇਤਾਂ ਵਿੱਚ ਗਏ ਤਾਂ ਮੋਟਰਾਂ ਕੋਲ ਪਹੁੰਚ ਕੇ ਚੋਰੀ ਦਾ ਪਤਾ ਲੱਗਿਆ ਅਤੇ ਇੱਕ ਹੀ ਰਾਤ ’ਚ ਵੱਡੀ ਪੱਧਰ ’ਤੇ ਹੋਈ ਇਸ ਚੋਰੀ ਨੇ ਕਿਸਾਨਾਂ ’ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਖੇਤੀਬਾੜੀ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਚੋਰੀ ਕਰਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਜਿਸ ਨਾਲ ਕਿਸਾਨਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਸਿੰਚਾਈ ਪ੍ਰਬੰਧ ਪ੍ਰਭਾਵਿਤ ਹੋ ਰਹੇ ਹਨ, ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਚੋਰ ਗਰੋਹ ਨੂੰ ਜਲਦ ਕਾਬੂ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਮਹਿਲ ਕਲਾਂ ਪੁਲਿਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਅਤੇ ਥਾਣਾ ਮਹਿਲ ਕਲਾਂ ਦੇ ਮੁੱਖ ਮੁਨਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਪੰਜਾਬ ਭਰ ਦੇ ਕਿਸਾਨਾਂ ’ਚ ਚਿੰਤਾ ਪੈਦਾ ਕਰ ਦਿੱਤੀ ਹੈ ਅਤੇ ਸਰਕਾਰ ਤੋਂ ਖੇਤੀਬਾੜੀ ਸਾਜ਼ੋ-ਸਾਮਾਨ ਦੀ ਸੁਰੱਖਿਆ ਲਈ ਵਿਸ਼ੇਸ਼ ਕਦਮ ਚੁੱਕਣ ਦੀ ਮੰਗ ਤੇਜ਼ ਹੋ ਗਈ ਹੈ।